ਭੁੱਖ ਹਡ਼ਤਾਲ ’ਤੇ ਬੈਠੇ ਬਜ਼ੁਰਗ ਕਾਂਗਰਸੀ ਆਗੂ ਦੀ ਹਾਲਤ ਵਿਗਡ਼ੀ
Thursday, Jul 26, 2018 - 02:25 AM (IST)

ਬਠਿੰਡਾ(ਜ.ਬ.)-ਰਿੰਗ ਰੋਡ ਨਾਲ ਲੱਗਦੀ ਜ਼ਮੀਨ ’ਤੇ ਬੈਠੇ ਲੋਕਾਂ ਨੂੰ ਪੁੱਡਾ ਵੱਲੋਂ ਉਕਤ ਜ਼ਮੀਨ ਖਾਲੀ ਕਰਨ ਦੇ ਭੇਜੇ ਗਏ ਨੋਟਿਸਾਂ ਖਿਲਾਫ ਭੁੱਖ ਹਡ਼ਤਾਲ ’ਤੇ ਬੈਠੇ ਬਜ਼ੁਰਗ ਕਾਂਗਰਸੀ ਆਗੂ ਵਰਿਆਮ ਸਿੰਘ ਦੀ ਹਾਲਤ ਵਿਗਡ਼ਣ ਲੱਗੀ ਹੈ। ਵਰਿਆਮ ਸਿੰਘ ਨੇ ਪ੍ਰਸ਼ਾਸਨ ਵੱਲੋਂ ਲਿਖਤ ਤੌਰ ’ਤੇ ਉਜਾਡ਼ਾ ਰੋਕਣ ਦਾ ਭਰੋਸਾ ਨਾ ਦੇਣ ਤੱਕ ਆਪਣਾ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਕਤ ਧਰਨੇ ਵਿਚ ਅਕਾਲੀ ਤੇ ਕਾਂਗਰਸੀ ਮਿਲ ਕੇ ਕਾਂਗਰਸ ਖਿਲਾਫ ਧਰਨਾ ਦੇ ਰਹੇ ਹਨ, ਕਿਉਂਕਿ ਉਜਾਡ਼ੇ ਜਾ ਰਹੇ ਇਸ ਇਲਾਕੇ ਵਿਚ ਸਾਰੇ ਰਾਜਸੀ ਪਾਰਟੀਆਂ ਦੇ ਵਰਕਰਾਂ ਦੇ ਘਰ ਆਉਂਦੇ ਹਨ। ਇਸ ਕਾਰਨ ਲੋਕਾਂ ਨੇ ਮਿਲ ਕੇ ਧਰਨਾ ਲਾਇਆ ਹੋਇਆ ਹੈ। ਹਾਲਾਂਕਿ ਬੁੱਧਵਾਰ ਨੂੰ ਐੱਸ. ਡੀ. ਐੱਮ. ਤੇ ਤਹਿਸੀਲਦਾਰ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਪਰ ਲੋਕਾਂ ਨੇ ਧਰਨਾ ਜਾਰੀ ਰੱਖਿਆ। ਧਰਨੇ ਵਿਚ ਅਕਾਲੀ ਦਲ ਦੇ ਮੇਅਰ ਬਲਵੰਤ ਰਾਏ ਨਾਥ ਨੇ ਵੀ ਸ਼ਿਰਕਤ ਕਰਕੇ ਸਰਕਾਰ ਦੀ ਕਾਰਵਾਈ ਦਾ ਵਿਰੋਧ ਕੀਤਾ। ਅਕਾਲੀ ਕੌਂਸਲਰ ਹਰਜਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸੰਘਰਸ਼ ਕਰ ਰਹੇ ਹਨ ਤੇ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਵਿਚ ਭਰੋਸਾ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।