10 ਹਜ਼ਾਰ ਬੱਚੇ ''ਮੁਨੱਖੀ ਚੇਨ'' ਬਣਾ ਕੇ ਲੋਕਾਂ ਨੂੰ ਭੀਖ ਦੇ ਮਾੜੇ ਪ੍ਰਭਾਵ ਬਾਰੇ ਕਰਨਗੇ ਜਾਗਰੂਕ

08/09/2017 8:08:18 AM

ਪਟਿਆਲਾ (ਰਾਜੇਸ਼) - ਪਟਿਆਲਾ ਸ਼ਹਿਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਇੱਕ ਵਿਆਪਕ ਯੋਜਨਾ ਉਲੀਕੀ ਗਈ ਹੈ। ਇਸ ਦੀ ਪਹਿਲੀ ਕੜੀ ਤਹਿਤ 'ਹਰ ਹਾਥ ਕਲਮ' ਨਾਂ ਦੀ ਇੱਕ ਸਵੈ-ਸੇਵੀ ਸੰਸਥਾ ਤੇ ਪਟਿਆਲਾ ਸ਼ਹਿਰ ਦੇ ਸਮੂਹ ਸਕੂਲਾਂ-ਕਾਲਜਾਂ ਦੇ ਸਹਿਯੋਗ ਨਾਲ 12 ਅਗਸਤ ਨੂੰ ਭੀਖ ਵਿਰੋਧੀ ਸਮਾਰੋਹ 'ਸ਼ੋਰ-ਤੂੰ ਬੰਧਨ ਤੋੜ ਇਨ ਸਿੱਕੋਂ ਕਾ' ਕਰਵਾਇਆ ਜਾ ਰਿਹਾ ਹੈ। ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬਣਾਈ ਸੰਸਥਾ 'ਹਰ ਹਾਥ ਕਲਮ' ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਪਟਿਆਲਾ ਨੂੰ ਭੀਖ-ਮੁਕਤ ਕਰਨ ਲਈ ਕੰਮ ਕਰ ਰਹੀ ਹੈ। 
ਇਸ ਬਾਰੇ ਅੱਜ ਮਿੰਨੀ ਸਕੱਤਰੇਤ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ 12 ਅਗਸਤ ਨੂੰ ਸਵੇਰੇ 9 ਵਜੇ ਪਟਿਆਲਾ ਸ਼ਹਿਰ ਵਿਖੇ ਸਕੂਲਾਂ ਤੇ ਕਾਲਜਾਂ ਦੇ 8 ਤੋਂ 10 ਹਜ਼ਾਰ ਬੱਚੇ ਇੱਕ 'ਮੁਨੱਖੀ ਚੇਨ' ਬਣਾ ਕੇ ਲੋਕਾਂ ਨੂੰ ਭੀਖ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨਗੇ। ਹਰੇਕ ਗਰੁੱਪ ਵਿਚ 800 ਤੋਂ 1000 ਬੱਚੇ ਹੋਣਗੇ। 12 ਅਗਸਤ ਨੂੰ ਸਵੇਰੇ 9 ਵਜੇ ਸੈਂਟਰਲ ਲਾਇਬ੍ਰੇਰੀ ਤੋਂ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ, ਸਟੇਟ ਬੈਂਕ ਤੋਂ ਫੁਹਾਰਾ ਚੌਕ ਵੱਲ ਨੂੰ 'ਮਨੁੱਖੀ ਚੇਨ' ਬਣਾਉਣਗੇ। ਹਰੇਕ ਘੰਟੇ ਬਾਅਦ ਦੂਸਰਾ ਗਰੁੱਪ ਇਸ 'ਮਨੁੱਖੀ ਚੇਨ' ਵਿਚ ਸ਼ਾਮਲ ਹੋਵੇਗਾ, ਜੋ ਕਿ ਲੋਕਾਂ ਨੂੰ ਭੀਖ ਨਾ ਦੇਣ ਬਾਰੇ ਜਾਗਰੂਕ ਕਰੇਗਾ। ਇਹ ਮਨੁੱਖੀ ਚੇਨ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ਇਸੇ ਦਿਨ ਸ਼ਾਮ 6.30 ਵਜੇ ਓਮੈਕਸ ਮਾਲ ਵਿਖੇ ਨੁੱਕੜ ਨਾਟਕ, ਭਾਸ਼ਣ ਤੇ ਸਕਿੱਟਾਂ ਵੀ ਹੋਣਗੀਆਂ। 
70 ਬੱਚਿਆਂ ਨੂੰ ਪੜ੍ਹਾਉਣ ਲਈ ਸ਼ਾਮ ਦੀਆਂ ਕਲਾਸਾਂ ਦਾ ਪ੍ਰਬੰਧ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਨੂੰ ਭੀਖ ਵਰਗੀ ਸਮਾਜਿਕ ਬੁਰਾਈ ਤੋਂ ਮੁਕਤ ਕਰਨ ਲਈ ਇਸ ਕੰਮ ਵਿਚ ਲੱਗੇ 70 ਬੱਚਿਆਂ ਨੂੰ ਪੜ੍ਹਾਉਣ ਲਈ ਸ਼ਾਮ ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ 300 ਹੋਰ ਅਜਿਹੇ ਬੱਚਿਆਂ ਤੇ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ, ਜੋ ਭੀਖ ਮੰਗਦੇ ਹਨ। ਕੁਮਾਰ ਅਮਿਤ ਨੇ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਬੱਚਿਆਂ ਨੂੰ ਭੀਖ ਦੇ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਬਜਾਏ ਭੀਖ ਦੇ ਖਾਤਮੇ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਚਿਆਂ ਦੇ ਮੁੜ-ਵਸੇਬੇ ਲਈ ਸ਼ੁਰੂ ਕੀਤੀ ਮੁਹਿੰਮ ਵਿਚ ਸਹਿਯੋਗ ਦੇਣ।
'ਭਿਖਾਰੀਆਂ ਨੂੰ ਭੀਖ ਦੇ ਕੇ ਨਾ ਬਣੀਏ ਪਾਪ ਦੇ ਭਾਗੀਦਾਰ'
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਅਸੀਂ ਕਿਸੇ ਭਿਖਾਰੀ ਨੂੰ ਭੀਖ ਦੇ ਕੇ ਦਾਨ ਕਰਨ ਦੀ ਬਜਾਏ ਉਸ ਦੀ ਜ਼ਿੰਦਗੀ ਬਰਬਾਦ ਕਰ ਕੇ ਪਾਪ ਦੇ ਭਾਗੀਦਾਰ ਬਣ ਰਹੇ ਹਾਂ। ਅਸੀਂ ਭੀਖ ਦਿੰਦੇ ਹਾਂ, ਉਹ ਉਸ ਪੈਸੇ ਨਾਲ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਹਰੇਕ ਸਕੂਲ ਵਿਚ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ 'ਸਹਾਇਤਾ ਦਿਵਸ' ਦੇ ਰੂਪ ਵਿਚ ਮਨਾਇਆ ਜਾਵੇਗਾ। ਸਕੂਲੀ ਬੱਚੇ ਆਪਣੇ ਪੁਰਾਣੇ ਖਿਡੌਣੇ, ਪੁਰਾਣੇ ਕੱਪੜੇ, ਕਿਤਾਬਾਂ ਤੇ ਹੋਰ ਨਾ ਵਰਤੋਂ ਯੋਗ ਸਾਮਾਨ ਸਕੂਲ ਵਿਚ ਜਮ੍ਹਾਂ ਕਰਵਾਉਣਗੇ। ਸਾਰੇ ਸਕੂਲ ਇਹ ਸਾਮਾਨ ਰੈੱਡ ਕਰਾਸ ਵਿਖੇ ਬਣਾਏ ਜਾ ਰਹੇ ਸਹਾਇਤਾ ਕੇਂਦਰ ਵਿਚ ਪੁਜਦਾ ਕਰਨਗੇ ਜਿੱਥੇ ਇਹ ਲੋੜਵੰਦ, ਗਰੀਬ ਬੱਚਿਆਂ ਤੇ ਭੀਖ ਤੋਂ ਹਟਾ ਕੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਮੁਹੱਈਆ ਕਰਵਾਇਆ ਜਾਵੇਗਾ। 


Related News