ਹੁੰਮਸ ਭਰਿਆ ਦਿਨ: ਹਵਾ ਦਾ ਦਬਾਅ ਵਧਣ ਨਾਲ ‘ਸਾਹ ਲੈਣਾ ਹੋਇਆ ਮੁਸ਼ਕਲ’, ਹਾਲ-ਬੇਹਾਲ
Thursday, Jun 27, 2024 - 12:35 AM (IST)
ਜਲੰਧਰ (ਪੁਨੀਤ) – ਸ਼ਹਿਰ ਵਾਸੀਆਂ ਨੂੰ ਬੀਤੇ ਦਿਨ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਹਾਲ-ਬੇਹਾਲ ਹੋ ਗਿਆ। ਤਾਪਮਾਨ ਵਿਚ ਇੰਨਾ ਉਛਾਲ ਨਹੀਂ ਆਇਆ ਪਰ ਹਵਾ ਦਾ ਦਬਾਅ ਵਧਣ ਨਾਲ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ। ਘਰਾਂ ਅਤੇ ਦਫਤਰਾਂ ਤੋਂ ਬਾਹਰ ਗਏ ਲੋਕ ਜਲਦ ਤੋਂ ਜਲਦ ਆਪਣੀ ਮੰਜ਼ਿਲ ਤਕ ਪਹੁੰਚਣ ਨੂੰ ਮਹੱਤਵ ਦਿੰਦੇ ਰਹੇ ਕਿਉਂਕਿ ਪਸੀਨਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ।
ਹੁੰਮਸ ਭਰੀ ਗਰਮੀ ਦਾ ਅੱਜ ਪਹਿਲਾ ਦਿਨ ਸੀ, ਜਦਕਿ ਆਉਣ ਵਾਲੇ ਦਿਨਾਂ ਵਿਚ ਹੁੰਮਸ ਦਾ ਪ੍ਰਕੋਪ ਵਧੇਗਾ। ਪੰਜਾਬ ਦੀਆਂ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਕਾਰਨ ਹੁੰਮਸ ਦਾ ਅਸਰ ਕਾਫੀ ਵਧ ਗਿਆ। ਉਥੇ ਹੀ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਇਸ ਨਾਲ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਤਕ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ- ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਵੱਡੀ ਲੁੱਟ, ਅੱਖਾਂ 'ਚ ਮਿਰਚਾਂ ਪਾ ਦਿੱਤਾ ਘਟਨਾ ਨੂੰ ਅੰਜਾਮ
ਸਪੇਸ ਸ਼ਿਪ ਵਰਗਾ ਬੱਦਲ ਬਣਿਆ ਆਕਰਸ਼ਣ
ਉਥੇ ਹੀ ਲੰਮਾ ਪਿੰਡ ਚੌਕ ਕੋਲ ਸਪੇਸ ਸ਼ਿਪ ਵਰਗਾ ਬੱਦਲ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਲੋਕਾਂ ਨੇ ਕਿਹਾ ਕਿ ਇਸ ਸਥਾਨ ’ਤੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਬੱਦਲ ਬਣਿਆ ਸੀ। ਉਕਤ ਬੱਦਲ ਪੂਰੀ ਤਰ੍ਹਾਂ ਸਪੇਸ ਸ਼ਿਪ ਵਰਗਾ ਨਜ਼ਰ ਆ ਰਿਹਾ ਸੀ। ਲੋਕ ਹੈਰਾਨੀ ਨਾਲ ਕਾਫੀ ਦੇਰ ਤਕ ਇਸਨੂੰ ਦੇਖਦੇ ਰਹੇ। ਦੇਖਣ ਵਿਚ ਆਇਆ ਕਿ ਅੱਜ ਬੱਦਲਾਂ ਨੇ ਆਸਮਾਨ ਨੂੰ ਕਵਰ ਕਰ ਰੱਖਿਆ ਸੀ, ਜਿਸ ਕਾਰਨ ਧੁੱਪ ਦਾ ਸਾਹਮਣਾ ਨਹੀਂ ਹੋਇਆ ਪਰ ਹਵਾ ਦੀ ਗਤੀ ਕਾਫੀ ਘੱਟ ਰਹੀ, ਜਿਸ ਕਾਰਨ ਹੁੰਮਸ ਨੇ ਆਪਣਾ ਰੰਗ ਦਿਖਾਇਆ।
ਉਥੇ ਹੀ, ਦੁਪਹਿਰ ਵਿਚ ਅਜਿਹਾ ਲੱਗ ਰਿਹਾ ਸੀ ਕਿ ਮੀਂਹ ਪਵੇਗਾ ਪਰ ਸ਼ਾਮ ਤਕ ਜਲੰਧਰ ਵਿਚ ਮੀਂਹ ਨਹੀਂ ਪਿਆ। ਉਥੇ ਹੀ ਆਸ-ਪਾਸ ਦੇ ਕਈ ਇਲਾਕਿਆਂ ਵਿਚ ਹਲਕੀ ਬੂੰਦਾਬਾਂਦੀ ਦੀਆਂ ਖਬਰਾਂ ਹਨ।
ਤਾਪਮਾਨ ਵਿਚ ਪਿਛਲੇ ਦਿਨ ਦੇ ਮੁਕਾਬਲੇ ਇਕ ਡਿਗਰੀ ਦੀ ਗਿਰਾਵਟ ਦਰਜ ਹੋਈ ਅਤੇ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 31.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ 42.3 ਡਿਗਰੀ ਦੇ ਕਰੀਬ ਰਿਹਾ ਪਰ ਗਰਮੀ ਦਾ ਅਸਰ ਹਰ ਜਗ੍ਹਾ ਦੇਖਣ ਨੂੰ ਮਿਲਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦੇ ਦਿਨ ਸ਼ੁਰੂ ਹੋਣ ਵਾਲੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਹੁੰਮਸ ਭਰੀ ਗਰਮੀ ਆਪਣਾ ਰੰਗ ਦਿਖਾਉਂਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ- ਅਮਰੀਕੀ ਮਾਲਕ ਨੇ ਪੰਜਾਬੀ ਮੁੰਡੇ ਦੇ ਘਰ ਚਲਵਾ ਦਿੱਤੀਆਂ ਗੋਲੀਆਂ, ਚੱਕਰਾਂ 'ਚ ਪਾ ਦਿੱਤੀ ਪੰਜਾਬ ਪੁਲਸ
6 ਡਿਗਰੀ ਤਕ ਦੀ ਗਿਰਾਵਟ ਦਾ ਅੰਦਾਜ਼ਾ
ਉਥੇ ਹੀ ਮੌਸਮ ਮਾਹਿਰਾਂ ਵੱਲੋਂ ਤਾਪਮਾਨ ਵਿਚ 5-6 ਡਿਗਰੀ ਤੱਕ ਦੀ ਗਿਰਾਵਟ ਦਾ ਅੰਦਾਜ਼ਾ ਜਤਾਇਆ ਗਿਆ ਹੈ। ਮੀਂਹ ਦਾ ਮੌਸਮ ਬਣ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਆਉਣ ਵਾਲੇ 2-3 ਦਿਨਾਂ ਤਕ ਮਹਾਨਗਰ ਜਲੰਧਰ ਵਿਚ ਤਾਪਮਾਨ ਵਿਚ 5-6 ਡਿਗਰੀ ਤਕ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ।
ਇਸ ਕਾਰਨ ਲੋਕਾਂ ਨੂੰ ਰਾਹਤ ਤਾਂ ਮਿਲੇਗੀ ਪਰ ਘਰੋਂ ਬਾਹਰ ਜਾਣਾ ਮੁਸ਼ਕਲ ਹੋਵੇਗਾ ਕਿਉਂਕਿ ਹੁੰਮਸ ਵਾਲੇ ਮਾਹੌਲ ਵਿਚ ਸਮਾਂ ਗੁਜ਼ਾਰਨਾ ਬੇਹੱਦ ਮੁਸ਼ਕਲ ਹੋਵੇਗਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਫੇਫੜਿਆਂ ਸਬੰਧੀ ਕੋਈ ਵੀ ਦਿੱਕਤ ਹੋਵੇ, ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e