ਫੂਲਕਾ ਦਾ ਵੱਡਾ ਬਿਆਨ, ਅਕਾਲੀ ਦਲ ਨਹੀਂ ਹੋਣ ਦੇ ਰਿਹਾ SGPC ਚੋਣਾਂ (ਵੀਡੀਓ)
Saturday, Nov 23, 2019 - 06:42 PM (IST)
ਜਲੰਧਰ/ਨਵੀਂ ਦਿੱਲੀ (ਕਮਲ ਕਾਂਸਲ) — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੀਨੀਅਰ ਐਡਵੋਕੇਟ ਅਤੇ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਨੇ ਵੱਡਾ ਬਿਆਨ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਕੇਂਦਰ 'ਚ ਭਾਈਵਾਲ ਸਰਕਾਰ ਹੋਣ ਕਰਕੇ ਅਕਾਲੀ ਦਲ ਇਹ ਚੋਣਾਂ ਨਹੀਂ ਹੋਣ ਦੇ ਰਿਹਾ। ਫੂਲਕਾ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਜਲਦ ਹੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦਾ ਮੌਜੂਦਾ ਜਨਰਲ ਹਾਊਸ ਦਾ ਕਾਰਜਕਾਲ ਦਸੰਬਰ 2016 ਤੋਂ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖੀ ਸੀ। ਪ੍ਰਧਾਨ ਮੰਤਰੀ ਵੱਲੋਂ ਜਵਾਬ 'ਚ ਲਿਖਿਆ ਹੋਇਆ ਹੈ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਅਪੁਆਇੰਟ ਕਰਨਾ ਹੈ ਤਾਂਕਿ ਨਵੀਆਂ ਚੋਣਾਂ ਹੋ ਸਕੇ। ਇਕ ਜੱਜ ਸਾਹਿਬ ਨੂੰ 2018 'ਚ ਅਪੁਆਇੰਟ ਕੀਤਾ ਸੀ ਪਰ ਉਨ੍ਹਾਂ ਨੇ ਜੁਆਇੰਨ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਹਾਈਕੋਰਟ ਵੱਲੋਂ ਨਵਾਂ ਪੈਨਲ ਮੰਗਵਾਇਆ ਗਿਆ ਹੈ ਪਰ ਅਕਾਲੀ ਦਲ ਸੈਂਟਰਲ ਸਰਕਾਰ 'ਚ ਭਾਈਵਾਲ ਹਨ, ਜੋ ਅੱਗੇ ਚੋਣਾਂ ਨਹੀਂ ਹੋਣ ਦੇ ਰਹੇ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਐੱਸ. ਜੀ. ਪੀ. ਸੀ. 'ਤੇ ਮੈਂਬਰ ਕਾਬਜ਼ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਅਕਾਲੀ ਦਲ ਵੀ ਜਵਾਬਦੇਹ ਹੈ ਕਿ ਕਿਉਂ ਚੋਣਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਇਹ ਚੋਣਾਂ ਸੈਂਟਰਲ ਸਰਕਾਰ ਵੱਲੋਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਕਿ ਸੈਂਟਰਲ ਸਰਕਾਰ 'ਤੇ ਜ਼ੋਰ ਪਾਉਣ ਦੇ ਨਾਲ ਨਾਲ ਅਕਾਲੀ-ਭਾਜਪਾ 'ਤੇ ਜ਼ੋਰ ਪਾਇਆ ਜਾਵੇ ਤਾਂਕਿ ਜਲਦੀ ਚੋਣਾਂ ਹੋ ਸਕਣ। ਦੱਸ ਦੇਈਏ ਕਿ ਐੱਸ. ਜੀ. ਪੀ. ਸੀ ਦਾ ਕਾਰਜਕਾਲ ਦਸੰਬਰ 2016 ਤੱਕ ਸੀ, ਜੋ ਖਤਮ ਹੋਇਆ ਕਰੀਬ 3 ਸਾਲ ਹੋ ਗਏ ਹਨ।