ਫੂਲਕਾ ਨੇ ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ''ਤੇ ਭੰਨਿਆ ਠੀਕਰਾ

11/29/2019 6:29:57 PM

ਚੰਡੀਗੜ੍ਹ (ਰਮਨਜੀਤ) : ਸਾਬਕਾ ਵਿਧਾਇਕ ਅਤੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਐੱਸ. ਜੀ. ਪੀ. ਸੀ. ਚੋਣ ਕਰਵਾਉਣ ਦੇ ਮਾਮਲੇ 'ਚ ਉਨ੍ਹਾਂ ਵਲੋਂ ਕੁੱਝ ਨਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਫੂਲਕਾ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਠੀਕ ਸਮੇਂ 'ਤੇ ਠੀਕ ਕਦਮ ਚੁੱਕਦੇ ਤਾਂ ਕੇਂਦਰ ਸਰਕਾਰ ਐੱਸ. ਜੀ. ਪੀ. ਸੀ. ਚੋਣ ਪ੍ਰੀਕਿਰਿਆ ਸ਼ੁਰੂ ਕਰਨ ਲਈ ਮਜਬੂਰ ਹੁੰਦੀ। ਫੂਲਕਾ ਨੇ ਆਪਣੇ ਪੱਤਰ 'ਚ ਕਿਹਾ ਕਿ ਉਨ੍ਹਾਂ 14 ਦਸੰਬਰ, 2018 ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਭੇਜੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਕਤ ਪੱਤਰ 'ਚ ਸਪੱਸ਼ਟ ਕੀਤਾ ਗਿਆ ਸੀ ਕਿ 16 ਦਸੰਬਰ, 2016 ਨੂੰ ਐੱਸ.ਜੀ.ਪੀ.ਸੀ. ਦੇ ਮੌਜੂਦਾ ਹਾਊਸ ਦੀ ਟਰਮ ਖਤਮ ਹੋ ਗਈ ਸੀ ਅਤੇ ਕੇਂਦਰ ਸਰਕਾਰ ਵਲੋਂ ਜਸਟਿਸ ਦਰਸ਼ਨ ਸਿੰਘ ਨੂੰ 1 ਅਗਸਤ, 2018 ਨੂੰ ਮੁੱਖ ਕਮਿਸ਼ਨਰ ਗੁਰਦੁਆਰਾ ਚੋਣ ਨਿਯੁਕਤ ਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਜਸਟਿਸ ਦਰਸ਼ਨ ਸਿੰਘ ਜੁਆਇਨ ਨਹੀਂ ਕਰ ਸਕੇ ਸਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਜਗ੍ਹਾ ਨਿਯੁਕਤੀ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੇਵਾਮੁਕਤ ਜੱਜਾਂ ਦਾ ਪੈਨਲ ਵੀ ਮੰਗ ਲਿਆ ਸੀ।

ਫੂਲਕਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਲੋਂ ਵੀ ਉਨ੍ਹਾਂ ਦੇ (ਫੂਲਕਾ) ਵਲੋਂ ਪੇਸ਼ ਇਕ ਪ੍ਰਸਤਾਵ ਪਾਸ ਕੀਤਾ ਗਿਆ ਸੀ, ਜਿਸ 'ਚ ਮੰਗ ਕੀਤੀ ਗਈ ਸੀ ਕਿ ਗੁਰਦੁਆਰਾ ਚੋਣ ਲਈ ਚੀਫ਼ ਕਮਿਸ਼ਨਰ ਦੀ ਨਿਯੁਕਤੀ ਛੇਤੀ ਕੀਤੀ ਜਾਵੇ ਤਾਂ ਕਿ ਛੇਤੀ ਚੋਣ ਕਰਵਾਈ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਵਿਧਾਨ ਸਭਾ 'ਚ ਹੀ ਬਹਿਸ ਦੌਰਾਨ ਤੁਸੀਂ (ਮੁੱਖ ਮੰਤਰੀ) ਨੇ ਬਿਆਨ ਦਿੱਤਾ ਸੀ ਕਿ ਤੁਸੀ ਖੁਦ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਗੁਰਦੁਆਰਾ ਚੋਣ ਦੇ ਮੁਖ ਕਮਿਸ਼ਨਰ ਦੀ ਨਿਯੁਕਤੀ ਲਈ ਕਹਿਣਗੇ। ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਗ੍ਰਹਿ ਮੰਤਰੀ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਇੰਨੇ ਲੰਬੇ ਸਮੇਂ ਤੱਕ ਐੱਸ.ਜੀ.ਪੀ.ਸੀ. ਚੋਣ ਨਾ ਕਰਵਾਇਆ ਜਾਣਾ ਸਿੱਖਾਂ ਨਾਲ ਕਿੰਨਾ ਵੱਡੀ ਬੇਇਨਸਾਫ਼ੀ ਹੈ।

ਫੂਲਕਾ ਨੇ ਕਿਹਾ ਕਿ ਇਹ ਪ੍ਰਸਤਾਵ ਪਾਸ ਹੋਏ ਕਰੀਬ ਨੌਂ ਮਹੀਨੇ ਦਾ ਸਮਾਂ ਗੁਜ਼ਰ ਚੁੱਕਿਆ ਹੈ ਅਤੇ ਇਸ ਮਾਮਲੇ 'ਚ ਮੁੱਖ ਮੰਤਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਗਈ ਹੈ। ਫੂਲਕਾ ਨੇ ਕਿਹਾ ਕਿ ਐਸ.ਜੀ.ਪੀ.ਸੀ. ਦਾ ਠੀਕ ਤਰੀਕੇ ਨਾਲ ਸੰਚਾਲਨ ਨਾ ਸਿਰਫ ਸਿੱਖਾਂ, ਸਗੋਂ ਪੂਰੇ ਪੰਜਾਬ ਲਈ ਵੀ ਕਾਫ਼ੀ ਮਹੱਤਵਪੂਰਣ ਹੈ, ਪਰ ਪੰਜਾਬ ਸਰਕਾਰ ਦਾ ਇਸ ਪ੍ਰਤੀ ਉਦਾਸੀਨ ਰਵੱਈਆ ਬੜਾ ਹੀ ਬਦਕਿਸਮਤੀ ਭਰਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਇਸ ਮਾਮਲੇ 'ਚ ਕਦਮ ਉਠਾਉਣ।


Gurminder Singh

Content Editor

Related News