ਨਹੀਂ ਹੈ ਵੋਟਰ ਕਾਰਡ ਤਾਂ ਇਸ ਤਰ੍ਹਾਂ ਕਰੋ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ

05/15/2019 8:08:10 PM

ਚੰਡੀਗਡ਼੍ਹ, (ਭੁੱਲਰ): 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵੇਲੇ ਜੇਕਰ ਤੁਹਾਡੇ ਕੋਲ ਆਪਣੀ ਵੋਟ ਪੋਲ ਕਰਨ ਲਈ ਵੋਟਰ ਆਈ ਡੀ. ਕਾਰਡ ਨਹੀਂ ਹੈ ਤਾਂ ਘਬਰਾਉ ਨਹੀਂ ਤੁਸੀਂ ਉਸ ਤੋਂ ਬਿਨ੍ਹਾਂ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਹੋ। ਜੀ. ਹਾਂ ਚੋਣ ਕਮੀਸ਼ਨ ਵਲੋਂ ਫੋਟੋ ਪਹਿਚਾਣ ਪੱਤਰ (ਐਪਿਕ ਵੋਟਰ ਆਈ.ਡੀ. ਕਾਰਡ) ਤੋਂ ਇਲਾਵਾ ਵੋਟਰ ਪਹਿਚਾਣ ਦੇ ਸਬੂਤ ਵੱਜੋਂ 11 ਹੋਰ ਦਸਤਾਵੇਜਾਂ ਨੂੰ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਕਮਿਸ਼ਨਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਜਿਨਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀ‘ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼ ਅਤੇ ਐੱਮ.ਪੀ. ਐੱਮ.ਐੱਲ.ਏ. ਵਲੋਂ ਜਾਰੀ ਪਹਿਚਾਣ ਪੱਤਰ ਦਿਖਾਕੇ ਵੀ ਵੋਟ ਪਾ ਸਕਦੇ ਹਨ।

ਵੋਟਰ ਪਰਚੀ ਦੇ ਆਧਾਰ ਉਤੇ ਨਹੀਂ ਪਵੇਗੀ ਵੋਟ

ਇਸ ਦੇ ਨਾਲ ਹੀ ਇਸ ਵਾਰ ਸਿਰਫ ਵੋਟਰ ਪਰਚੀ ਦੇ ਆਧਾਰ ਉਤੇ ਕੋਈ ਵੀ ਵੋਟਰ ਆਪਣੀ ਵੋਟ ਪੋਲ ਨਹੀਂ ਕਰ ਸਕੇਗਾ। ਵੋਟ ਪੋਲ ਕਰਨ ਲ਼ਈ ਉਪਰੋਕਤ 11 ਦਸਤਾਵੇਜ਼ਾ ਦਾ ਹੋਣਾ ਲਾਜ਼ਮੀ ਹੈ। ਦੱਸਣਯੋਗ ਹੈ ਕਿ ਹਾਲ ਵਿਚ ਸੰਪਨ ਹੋਏ ਵਿਧਾਨ ਸਭਾ ਇਲੈਕਸ਼ਨ ਵਿਚ ਵੋਟਰ ਪਰਚੀ ਨੂੰ ਪਛਾਣ ਦਾ ਆਧਾਰ ਮੰਨ ਕੇ ਵੋਟ ਪਾਈ ਗਈ ਸੀ ਪਰ ਇਨ੍ਹਾਂ ਦੀ ਦੁਰਵਰਤੋਂ ਹੋਣ ਦੇ ਸ਼ੱਕ ਨੂੰ ਦੇਖਦੇ ਹੋਏ ਕਮੀਸ਼ਨ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਸਨ।


Arun chopra

Content Editor

Related News