ਕੋਰੋਨਾਵਾਇਰਸ ਸਬੰਧੀ ਅਹਿਮ ਖਬਰ : ਕੌਣ ਪਹਿਨੇ ਤੇ ਕਿਵੇਂ ਪਹਿਨੇ ''ਮਾਸਕ''
Saturday, Mar 21, 2020 - 04:50 PM (IST)
ਜਲੰਧਰ : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਵਧਦਾ ਹੀ ਜਾ ਰਿਹਾ ਹੈ। ਦੁਨੀਆਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 7,988 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 198,517 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 2,060 ਲੋਕ ਆਈ.ਸੀ.ਯੂ. ਵਿਚ ਭਰਤੀ ਹਨ ਅਤੇ 82,763 ਮਰੀਜ਼ ਠੀਕ ਵੀ ਹੋਏ ਹਨ। ਸਿਹਤ ਵਜ਼ਾਰਤ ਨੇ ਵੀ ਕੋਰੋਨਾ ਵਾਇਰਸ ਬਾਰੇ ਮਾਸਕ ਦੀ ਵਰਤੋਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਮਾਸਕ ਦੀ ਵਰਤੋਂ
* ਜਿਸ ਵਿਅਕਤੀ 'ਚ ਵਾਇਰਸ ਦੇ ਲੱਛਣ ਨਹੀਂ ਹਨ, ਉਸ ਨੇ ਮਾਸਕ ਨਹੀਂ ਪਹਿਨਣਾ।
* ਉਹ ਸਿਹਤਮੰਦ ਲੋਕ, ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ, ਉਹ ਵੀ ਮਾਸਕ ਨਾ ਪਹਿਨਣ।
* ਇਹ ਸੁਰੱਖਿਆ ਦੀ ਗਲਤ ਧਾਰਨਾ ਨੂੰ ਪੈਦਾ ਕਰਦਾ ਹੈ ਅਤੇ ਇਸ ਕਾਰਣ ਤੁਸੀਂ ਹੱਥ ਧੋਣ ਵਰਗੀਆਂ ਦੂਜੀਆਂ ਲੋੜਾਂ ਨੂੰ ਅਣਡਿੱਠ ਕਰ ਸਕਦੇ ਹੋ।
* ਅਜਿਹਾ ਕੋਈ ਵੀ ਵਿਗਿਆਨਿਕ ਸਬੂਤ ਨਹੀਂ ਦਰਸਾਉਂਦਾ ਕਿ ਜਿਹੜੇ ਬੀਮਾਰ ਨਹੀਂ ਹਨ, ਉਨ੍ਹਾਂ ਨੂੰ ਮਾਸਕ ਦੀ ਵਰਤੋਂ ਦਾ ਫਾਇਦਾ ਹੋਵੇਗਾ।
ਮਾਸਕ 6 ਘੰਟੇ ਤੋਂ ਵੱਧ ਵਰਤ ਕੇ ਸੁੱਟਣਯੋਗ ਮਾਸਕ ਦੀ ਲਗਾਤਾਰ ਵਰਤੋਂ ਜਾਂ ਉਸੇ ਮਾਸਕ ਦੀ ਮੁੜ ਵਰਤੋਂ ਕਰਨ ਨਾਲ ਬੀਮਾਰੀ ਲੱਗਣ ਦਾ ਜੋਖਮ ਵਧਦਾ ਹੈ।
ਇਸ ਦੀ ਥਾਂ ਫਿਰ ਕੀ ਕਰੀਏ?
* ਸਾਬਣ ਅਤੇ ਪਾਣੀ ਨਾਲ 40 ਸੈਕਿੰਡ ਤਕ ਲਗਾਤਾਰ ਹੱਥ ਧੋਂਦੇ ਰਹੋ।
* 70 ਫੀਸਦੀ ਅਲਕੋਹਲ ਦੇ ਨਾਲ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਦੀ 20 ਸੈਕਿੰਡ ਤਕ ਵਰਤੋਂ ਕਰਨੀ ਚਾਹੀਦੀ ਹੈ।
* ਜੇਕਰ ਹੱਥਾਂ 'ਚ ਮਿੱਟੀ ਲੱਗੀ ਹੋਵੇ ਤਾਂ ਜਾਂ ਫਿਰ ਗੰਦੇ ਹੋਣ ਤਾਂ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾ ਕੀਤੀ ਜਾਵੇ ਪਰ ਸਾਬਣ ਅਤੇ ਪਾਣੀ ਦੇ ਨਾਲ ਹੱਥ ਧੋਣੇ ਲਾਜ਼ਮੀ ਹਨ।
* ਖੰਘ ਅਤੇ ਜ਼ੁਕਾਮ ਹੋਣ 'ਤੇ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਪੇਪਰ ਟਿਸ਼ੂ ਨਾਲ ਢਕ ਕੇ ਰੱਖੋ।
ਜੇਕਰ ਰੁਮਾਲ ਜਾਂ ਪੇਪਰ ਟਿਸ਼ੂ ਉਪਲੱਬਧ ਨਾ ਹੋਣ ਤਾਂ ਕੂਹਣੀ ਰੱਖ ਕੇ ਖੰਘੋ।
* ਵਰਤੋਂ ਕਰਨ ਜਾਂ ਹੱਥ ਧੋਣ ਤੋਂ ਤੁਰੰਤ ਬਾਅਦ ਅਜਿਹੇ ਟਿਸ਼ੂ ਨੂੰ ਪਰ੍ਹੇ ਸੁੱਟ ਦਿਓ। ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਪ੍ਰਹੇਜ਼ ਕਰੋ।
* ਆਪਣੇ ਜਿਸਮਾਨੀ ਤਾਪਮਾਨ ਨੂੰ ਪਰਖਦੇ ਰਹੋ।
* ਖੰਘਣ ਅਤੇ ਜ਼ੁਕਾਮ ਵਾਲੇ ਵਿਅਕਤੀ ਤੋਂ ਇਕ ਮੀਟਰ ਦੀ ਵਿੱਥ ਬਣਾਈ ਰੱਖੋ।
ਮਾਸਕ ਦੀ ਵਰਤੋਂ ਕਦੋਂ ਕਰੀਏ?
* ਜਦੋਂ ਵਿਅਕਤੀ ਨੂੰ ਬੁਖਾਰ ਅਤੇ ਖੰਘ ਲਗਾਤਾਰ ਆਉਂਦੀ ਰਹੇ, ਉਦੋਂ ਤਿੰਨ ਪਰਤਾਂ ਵਾਲਾ ਮੈਡੀਕਲ ਮਾਸਕ ਵਰਤਿਆ ਜਾਵੇ। ਇਸ ਨਾਲ ਬੀਮਾਰੀ ਦੇ ਫੈਲਣ 'ਤੇ ਰੋਕ ਲੱਗੇਗੀ।
ਕਿੰਨਾ ਪ੍ਰਭਾਵਸ਼ਾਲੀ ਹੈ ਮਾਸਕ?
* ਇਕ ਮੈਡੀਕਲ ਮਾਸਕ ਜੇਕਰ ਚੰਗੀ ਤਰ੍ਹਾਂ ਲਾਇਆ ਹੋਵੇ ਤਾਂ ਇਹ 8 ਘੰਟੇ ਤਕ ਅਸਰਦਾਇਕ ਰਹਿੰਦਾ ਹੈ।
* ਜੇਕਰ ਇਸ ਦੌਰਾਨ ਇਹ ਗਿੱਲਾ ਹੋ ਜਾਵੇ ਤਾਂ ਇਸ ਨੂੰ ਤੁਰੰਤ ਬਦਲ ਦਿਓ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਦੀ ਅਫਵਾਹ ਨੇ ਗੁਰਦਾਸਪੁਰ 'ਚ ਪਾਇਆ ਭੜਥੂ
ਸਹੀ ਢੰਗ-ਤਰੀਕਾ!
* ਮਾਸਕ ਨੂੰ ਆਪਣੇ ਮੂੰਹ ਤਕ ਹੀ ਪਹਿਨੋ।
* ਇਸ ਨੂੰ ਨੱਕ, ਮੂੰਹ ਅਤੇ ਠੋਡੀ 'ਤੇ ਰੱਖੋ।
* ਨੱਕ ਦੀਆਂ ਨਾਸਾਂ ਉੱਪਰ ਇਕ ਮਟੈਲਿਕ ਸਟ੍ਰਿਪ ਰੱਖੋ।
* ਮਾਸਕ ਦੀਆਂ ਉੱਪਰਲੀਆਂ ਡੋਰੀਆਂ ਨੂੰ ਕੰਨਾਂ ਦੇ ਉਪਰੋਂ ਅਤੇ ਹੇਠਾਂ ਵਾਲੀਆਂ ਡੋਰੀਆਂ ਨੂੰ ਗਲੇ ਦੇ ਪਿੱਛੇ ਬੰਨ੍ਹੋ।
* ਇਹ ਯਕੀਨੀ ਬਣਾਓ ਕਿ ਮਾਸਕ ਦੇ ਦੋਵੇਂ ਪਾਸੇ ਕੋਈ ਵਿੱਥ ਨਾ ਹੋਵੇ। ਇਸ ਨੂੰ ਫਿੱਟ ਕਰ ਕੇ ਰੱਖੋ।
* ਵਰਤੋਂ ਦੌਰਾਨ ਮਾਸਕ ਨੂੰ ਛੂਹਣ ਤੋਂ ਬਚੋ।
* ਗਰਦਨ ਤੋਂ ਇਸ ਨੂੰ ਲਟਕਣ ਨਾ ਦਿਓ।
* ਜਿਵੇਂ ਹੀ ਗਿੱਲਾ ਹੋ ਜਾਵੇ ਤਾਂ 6 ਘੰਟਿਆਂ ਮਗਰੋਂ ਮਾਸਕ ਬਦਲ ਦਿਓ।
* ਸੁੱਟਣਯੋਗ ਮਾਸਕ ਮੁੜ ਨਾ ਪਾਓ ਅਤੇ ਉਸ ਨੂੰ ਕੂੜੇਦਾਨ ਵਿਚ ਪਾ ਦਿਓ।
* ਮਾਸਕ ਨੂੰ ਹਟਾਉਣ ਦੌਰਾਨ ਇਹ ਧਿਆਨ ਰੱਖੋ ਕਿ ਤੁਸੀਂ ਇਸ ਦੇ ਬਾਹਰਲੇ ਹਿੱਸੇ ਨੂੰ ਛੂਹ ਨਾ ਸਕੋ ਕਿਉਂਕਿ ਇਹ ਦੂਸ਼ਿਤ ਹੋ ਸਕਦਾ ਹੈ।
* ਮਾਸਕ ਹਟਾਉਣ ਲਈ ਸਭ ਤੋਂ ਪਹਿਲਾਂ ਹੇਠਲੀ ਡੋਰੀ ਹਟਾਓ, ਉਸ ਤੋਂ ਬਾਅਦ ਉੱਪਰ ਵਾਲੀ।
ਮਾਸਕ ਨੂੰ ਸੁੱਟਣਾ
* ਇਸਤੇਮਾਲ ਹੋਏ ਮਾਸਕ ਨੂੰ ਬੀਮਾਰੀ ਨਾਲ ਲਿੱਬੜਿਆ ਸਮਝਣਾ ਚਾਹੀਦਾ ਹੈ।
* ਮਰੀਜ਼ਾਂ ਅਤੇ ਸਿਹਤ ਮੁਲਾਜ਼ਮਾਂ ਜਾਂ ਫਿਰ ਦੇਖਭਾਲ ਕਰਨ ਵਾਲੇ ਲੋਕਾਂ ਵਲੋਂ ਇਸਤੇਮਾਲ ਕਰਨ ਵਾਲੇ ਮਾਸਕ ਸਾਧਾਰਨ ਬਲੀਚ ਜਾਂ ਫਿਰ ਸੋਡੀਅਮ ਹਾਈਪੋ ਕਲੋਰਾਈਡ ਨਾਲ ਕੀਟਾਣੂ ਰਹਿਤ ਕੀਤਾ ਜਾਵੇ।
* ਇਸ ਮਗਰੋਂ ਮਾਸਕ ਨੂੰ ਜਾਂ ਤਾਂ ਸਾੜ ਦਿਓ ਜਾਂ ਫਿਰ ਜ਼ਮੀਨ 'ਚ ਡੂੰਘੇ ਟੋਏ 'ਚ ਦੱਬ ਦਿਓ।
ਇਹ ਵੀ ਪੜ੍ਹੋ ► ਐੱਸ. ਜੀ. ਪੀ. ਸੀ. ਦਾ ਵੱਡਾ ਫੈਸਲਾ, ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ ► ਕੋਰੋਨਾ ਵਾਇਰਸ' ਤੋਂ ਡਰੀ ਪੰਜਾਬ ਸਰਕਾਰ, 'ਹਜ਼ਾਰਾਂ ਕੈਦੀ' ਕਰੇਗੀ ਰਿਹਾਅ!