ਕਿੰਨੀ ਆਸਾਨ ਹੈ ਉੱਤਰੀ ਗੁਜਰਾਤ ’ਚ ਭਾਜਪਾ ਦੀ ਰਾਹ, ਪਿਛਲੀਆਂ ਚੋਣਾਂ ’ਚ ਕਾਂਗਰਸ ਦਾ ਰਿਹਾ ਸੀ ਬਿਹਤਰ ਪ੍ਰਦਰਸ਼ਨ!

12/05/2022 1:19:52 PM

ਜਲੰਧਰ (ਨੈਸ਼ਨਲ ਡੈਸਕ) : ਉੱਤਰੀ ਗੁਜਰਾਤ ਦੀਆਂ 32 ਸੀਟਾਂ ’ਤੇ ਪਿਛਲੀਆਂ ਦੋ ਚੋਣਾਂ ’ਚ ਕਾਂਗਰਸ ਦਾ ਬਿਹਤਰ ਪ੍ਰਦਰਸ਼ਨ ਰਿਹਾ ਹੈ, ਜਦਕਿ ਇਸ ਵਾਰ ਭਾਜਪਾ ਦਾ ਦਾਅਵਾ ਹੈ ਕਿ ਇਸ ਖੇਤਰ ’ਚ ਉਸ ਦਾ ਗ੍ਰਾਫ ਵਧਿਆ ਹੈ ਅਤੇ ਉਹ ਸਾਰੀਆਂ ਸੀਟਾਂ ’ਤੇ ਬਿਹਤਰ ਨਤੀਜੇ ਦੇਵੇਗੀ। ਗੁਜਰਾਤ ਵਿਚ 5 ਦਸੰਬਰ ਨੂੰ ਦੂਜੇ ਪੜਾਅ ’ਚ ਵੋਟਾਂ ਪੈਣਗੀਆਂ। ਸਿਆਸੀ ਮਾਹਿਰਾਂ ਨੇ ਕਿਹਾ ਕਿ ਡੇਅਰੀ ਸਹਿਕਾਰੀ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਦੀ ਗ੍ਰਿਫਤਾਰੀ ਕਾਰਨ ਭਾਜਪਾ ਨੂੰ ਕੁਝ ਖੇਤਰਾਂ ਵਿਚ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਚੌਧਰੀ ਭਾਈਚਾਰੇ ਵਿਚਾਲੇ ਨਾਰਾਜ਼ਗੀ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਸਥਾਨਕ ਜਾਤੀ ਸਮੀਕਰਨ ਅਤੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦੇ ਅੰਤਿਮ ਨਤੀਜਿਆਂ ਵਿਚ ਇਕ ਮੁੱਖ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ।

ਕਾਂਗਰਸ ਕੋਲ ਰਹੀਆਂ ਹਨ 17 ਸੀਟਾਂ
ਖੇਤਰ ਦੇ ਛੇ ਜ਼ਿਲਿਆਂ ਬਨਾਸਕਾਂਠਾ, ਪਾਟਨ, ਮੇਹਸਾਣਾ, ਸਾਬਰਕਾਂਠਾ, ਅਰਾਵਲੀ ਅਤੇ ਗਾਂਧੀਨਗਰ ’ਚ ਫੈਲੀਆਂ 32 ਵਿਧਾਨ ਸਭਾ ਸੀਟਾਂ ’ਚੋਂ ਕਾਂਗਰਸ ਨੇ 2012 ਅਤੇ 2017 ਦੋਵਾਂ ਚੋਣਾਂ ਵਿਚ 17 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਭਾਜਪਾ ਕ੍ਰਮਵਾਰ 2012 ਅਤੇ 2017 ਵਿਚ 15 ਅਤੇ 14 ਵਿਧਾਨ ਸਭਾ ਹਲਕਿਆਂ ਵਿਚ ਜੇਤੂ ਰਹੀ ਸੀ। ਪਿਛਲੀਆਂ ਚੋਣਾਂ ’ਚ ਇਕ ਸੀਟ (ਰਾਖਵੀਂ ਵਡਗਾਮ) ਆਜ਼ਾਦ ਉਮੀਦਵਾਰ ਜਿਗਨੇਸ਼ ਮੇਵਾਨੀ ਦੇ ਖਾਤੇ ’ਚ ਗਈ ਸੀ, ਜਿਨ੍ਹਾਂ ਨੂੰ ਕਾਂਗਰਸ ਦਾ ਸਮਰਥਨ ਪ੍ਰਾਪਤ ਸੀ।

ਇਹ ਵੀ ਪੜ੍ਹੋ : ਮੁਕਤਸਰ 'ਚ ਔਰਤ ਨੇ ਬੱਚੇ ਸਮੇਤ ਨਹਿਰ 'ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਰੁੜ੍ਹਿਆ

ਕਾਂਗਰਸ ਦੇ 11 ਵਿਧਾਇਕਾਂ ਨੂੰ ਮੁੜ ਟਿਕਟਾਂ
ਵਿਰੋਧੀ ਪਾਰਟੀ ਨੇ ਖੇਤਰ ’ਚ ਆਪਣੇ ਜ਼ਿਆਦਾਤਰ ਮੌਜੂਦਾ ਵਿਧਾਇਕਾਂ ’ਤੇ ਭਰੋਸਾ ਜਤਾਇਆ ਹੈ ਅਤੇ ਉਨ੍ਹਾਂ ’ਚੋਂ 11 ਨੂੰ ਮੁੜ ਟਿਕਟ ਦਿੱਤੀ ਹੈ। ਉਥੇ ਹੀ ਭਾਜਪਾ ਨੇ ਆਪਣੇ 14 ਮੌਜੂਦਾ ਵਿਧਾਇਕਾਂ ’ਚੋਂ ਸਿਰਫ਼ 6 ਨੂੰ ਹੀ ਟਿਕਟਾਂ ਦਿੱਤੀਆਂ ਹਨ ਅਤੇ ਬਾਕੀ ਵਿਧਾਨ ਸਭਾ ਹਲਕਿਆਂ ’ਚ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ। ਦੋਵਾਂ ਪਾਰਟੀਆਂ ਨੇ ਸਥਾਨਕ ਜਾਤੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਟੀਦਾਰ ਅਤੇ ਕੋਲੀ ਭਾਈਚਾਰਿਆਂ ਦੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਹੈ।

‘ਆਪ’ ਦੀ ਉੱਤਰੀ ਖੇਤਰ ’ਚ ਕੀ ਰਹੇਗੀ ਭੂਮਿਕਾ
ਮਾਹਿਰਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਉੱਤਰੀ ਗੁਜਰਾਤ ’ਚ ਬਹੁਤ ਜ਼ਿਆਦਾ ਪ੍ਰਭਾਵ ਪਾਉਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਖੇਤਰ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੱਖਣੀ ਗੁਜਰਾਤ ਦੇ ਸੂਰਤ ਅਤੇ ਸੌਰਾਸ਼ਟਰ ਖੇਤਰ ’ਚ ਕੁਝ ਸੀਟਾਂ ਦੇ ਚੋਣ ਨਤੀਜਿਆਂ ’ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸੰਭਾਵੀ ਤੌਰ ’ਤੇ ਪ੍ਰਭਾਵ ਪਾ ਸਕਦੀ ਹੈ। ਇਕ ਮੀਡੀਆ ਰਿਪੋਰਟ ਵਿਚ ਸਿਆਸੀ ਮਾਹਿਰ ਦਿਲੀਪ ਗੋਹਿਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਜਪਾ ਨੇ 2002 ਦੀਆਂ ਚੋਣਾਂ ਵਿਚ ਮੱਧ ਅਤੇ ਉੱਤਰੀ ਗੁਜਰਾਤ ਖੇਤਰਾਂ ’ਚ ਚੋਣਾਂ ’ਚ ਵਾਧਾ ਹਾਸਲ ਕੀਤਾ ਸੀ। ਹਾਲਾਂਕਿ 2012 ਤੱਕ ਕਾਂਗਰਸ ਉੱਤਰੀ ਗੁਜਰਾਤ ’ਚ ਆਪਣੀ ਗੁਆਚੀ ਜ਼ਮੀਨ ਦਾ ਕਾਫੀ ਕੁਝ ਹਿੱਸਾ ਮੁੜ ਹਾਸਲ ਕਰਨ ਅਤੇ ਪੰਜ ਸਾਲ ਬਾਅਦ ਇਸ ਖੇਤਰ ਵਿਚ ਆਪਣੀ ਪਕੜ ਬਣਾਈ ਰੱਖਣ ’ਚ ਕਾਮਯਾਬ ਰਹੀ ਹੈ।

ਵਿਪੁਲ ਚੌਧਰੀ ਦੀ ਗ੍ਰਿਫਤਾਰੀ ਦਾ ਅਸਰ
ਮਾਹਿਰਾਂ ਅਤੇ ਸਮਾਜਿਕ ਸਮੂਹ ਦੇ ਮੈਂਬਰਾਂ ਅਨੁਸਾਰ 800 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਹਿਕਾਰੀ ਨੇਤਾ ਵਿਪੁਲ ਚੌਧਰੀ ਦੀ ਗ੍ਰਿਫ਼ਤਾਰੀ ਨੇ ਉਸ ਦੇ ਭਾਈਚਾਰੇ ਦੇ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਬਨਾਸਕਾਂਠਾ ਜ਼ਿਲੇ ਅਤੇ ਮੇਹਸਾਣਾ ਦੇ ਕੁਝ ਹਿੱਸਿਆਂ ’ਚ ਵੋਟਰਾਂ ਦਾ ਇਕ ਮਹੱਤਵਪੂਰਨ ਹਿੱਸਾ ਇਸ ਭਾਈਚਾਰੇ ਤੋਂ ਹੈ। ਦੁੱਧਸਾਗਰ ਡੇਅਰੀ ਦੇ ਸਾਬਕਾ ਚੇਅਰਮੈਨ ਚੌਧਰੀ ’ਤੇ ਸਹਿਕਾਰੀ ਸੰਸਥਾ ਦਾ ਚੇਅਰਮੈਨ ਰਹਿੰਦੇ ਹੋਏ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦੇ ਦੋਸ਼ ਹਨ। ਸਾਬਕਾ ਮੰਤਰੀ ਦੇ ਚੋਣਾਂ ਤੋਂ ਪਹਿਲਾਂ ‘ਆਪ’ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਸਨ ਪਰ ਅਜਿਹਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਪੰਜਾਬ ’ਚ ਮਾਸਟਰ ਪਲਾਨ ’ਤੇ ਕੰਮ ਕਰ ਰਹੀ ਭਾਜਪਾ ਲਈ ਪੰਗਾ, ਸੂਚੀ ਜਾਰੀ ਕਰਦਿਆਂ ਹੀ ਉੱਠੀ ਬਗਾਵਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News