ਲੁਧਿਆਣਾ : ਕੋਰੋਨਾ ਪਾਜ਼ੇਟਿਵ ਮੁਲਜ਼ਮ ਕਿਵੇਂ ਆਇਆ ਕੋਰੋਨਾ ਦੀ ਲਪੇਟ ''ਚ

Friday, Apr 10, 2020 - 01:56 PM (IST)

ਲੁਧਿਆਣਾ : ਕੋਰੋਨਾ ਪਾਜ਼ੇਟਿਵ ਮੁਲਜ਼ਮ ਕਿਵੇਂ ਆਇਆ ਕੋਰੋਨਾ ਦੀ ਲਪੇਟ ''ਚ

ਲੁਧਿਆਣਾ (ਰਾਜ) : ਚੋਰੀ ਅਤੇ ਸਨੈਚਿੰਗ ਦੇ ਦੋਸ਼ 'ਚ ਫੜੇ ਸੌਰਵ ਸਹਿਗਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਵਿਭਾਗ 'ਚ ਦਹਿਸ਼ਤ ਫੈਲ ਗਈ ਹੈ, ਜਿਥੇ ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਮੁਹੰਮਦ ਜਮੀਲ ਅਤੇ ਚੌਕੀ ਜੀਵਨ ਨਗਰ ਦੇ ਇੰਚਾਰਜ ਕੁਲਵੰਤ ਚੰਦ ਸਮੇਤ 10 ਪੁਲਸ ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਥਾਣਾ ਅਤੇ ਚੌਕੀ ਦੇ ਗੇਟ ਲੋਕਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਥਾਣਾ ਅਤੇ ਚੌਕੀ 'ਚ ਦਫਤਰ, ਹਵਾਲਾਤ ਸਮੇਤ ਪੂਰੀ ਜਗ੍ਹਾ ਸੈਨੀਟਾਈਜ਼ਰ ਦਾ ਸਪ੍ਰੇਅ ਕੀਤਾ ਜਾ ਰਿਹਾ ਹੈ। ਸਵੇਰ ਤੋਂ 3 ਵਾਰ ਥਾਣਾ ਚੌਕੀ 'ਚ ਸਪ੍ਰੇਅ ਕੀਤਾ ਗਿਆ ਹੈ ਤਾਂ ਕਿ ਜੇਕਰ ਕਿਸੇ ਸਾਮਾਨ 'ਤੇ ਜਾਂ ਕਿਸੇ ਚੀਜ਼ 'ਤੇ ਵਾਇਰਸ ਦਾ ਅਸਰ ਵੀ ਹੋਵੇ ਤਾਂ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਇਸ ਦੌਰਾਨ ਥਾਣਾ-ਚੌਕੀ 'ਚ ਅਹਿਤਿਆਤ ਵਜੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

ਮੁਲਜ਼ਮ ਕੋਰੋਨਾ ਦੀ ਲਪੇਟ 'ਚ ਕਿਵੇਂ ਆਇਆ?
ਮੁਲਜ਼ਮ ਸੌਰਵ ਕੋਰੋਨਾ ਵਾਇਰਸ ਦੀ ਲਪੇਟ 'ਚ ਕਿਵੇਂ ਆਇਆ। ਸਿਹਤ ਵਿਭਾਗ ਇਸ ਦਾ ਪਤਾ ਲਾਉਣ 'ਚ ਲੱਗਾ ਹੋਇਆ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਪਤਾ ਲੱਗਾ ਹੈ ਕਿ ਸੌਰਵ ਕੋਲਕਾਤਾ ਗਿਆ ਸੀ।

ਇਹ ਵੀ ਪੜ੍ਹੋ ► ਲੁਧਿਆਣਾ 'ਚ ਗ੍ਰਿਫਤਾਰ ਕੀਤੇ ਨੌਜਵਾਨ ਨੂੰ 'ਕੋਰੋਨਾ', SHO ਸਮੇਤ 7 ਮੁਲਾਜ਼ਮ ਹੋਮ ਕੁਆਰੰਟਾਈਨ

ਪੁਲਸ ਲਈ ਸਿਰਦਰਦੀ ਬਣਿਆ ਫਰਾਰ ਨਵਜੋਤ
ਸੌਰਵ ਸਹਿਗਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਨਵਜੋਤ ਸਿੰਘ ਪੁਲਸ ਲਈ ਸਿਰਦਰਦੀ ਬਣ ਗਿਆ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜਿਥੇ ਸੌਰਵ ਪਾਜ਼ੇਟਿਵ ਹੈ, ਹੋ ਸਕਦਾ ਹੈ ਕਿ ਨਵਜੋਤ ਵੀ ਉਸ ਦੇ ਨਾਲ ਰਹਿਣ ਕਾਰਣ ਪਾਜ਼ੇਟਿਵ ਨਾ ਹੋਵੇ। ਇਸ ਲਈ ਪੁਲਸ ਲਈ ਉਸ ਦਾ ਫੜਿਆ ਜਾਣਾ ਜ਼ਰੂਰੀ ਹੈ ਤਾਂ ਕਿ ਸਮਾਂ ਰਹਿੰਦੇ ਉਸ ਦਾ ਟੈਸਟ ਕਰਵਾਇਆ ਜਾ ਸਕੇ। ਪੁਲਸ ਨੂੰ ਸ਼ੱਕ ਹੈ ਕਿ ਜੇਕਰ ਨਵਜੋਤ ਪਾਜ਼ੇਟਿਵ ਹੋਇਆ ਤਾਂ ਉਹ ਕਈਆਂ ਨੂੰ ਪਾਜ਼ੇਟਿਵ ਕਰ ਸਕਦਾ ਹੈ। ਇਸ ਲਈ ਪੁਲਸ ਨੇ ਉਸ ਦੇ ਪਰਿਵਾਰ ਅਤੇ ਪਿੰਡਾਂ ਦੇ ਸਰਪੰਚ ਨੂੰ ਕਿਹਾ ਕਿ ਜੇਕਰ ਉਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਦੱਸੇ। ਹਾਲਾਂਕਿ ਉਸ ਦੇ ਪਰਿਵਾਰ ਨੇ ਪੁਲਸ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਤਰ੍ਹਾਂ ਨਵਜੋਤ ਦਾ ਪਤਾ ਲਵਾ ਕੇ ਉਸ ਨੂੰ ਪੁਲਸ ਅੱਗੇ ਪੇਸ਼ ਕੀਤਾ ਜਾਵੇਗਾ, ਨਾਲ ਹੀ ਪੁਲਸ ਨੇ ਵੀ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਿਦੱਤੀ ਹੈ ਤਾਂ ਕਿ ਜਲਦ ਹੀ ਉਸ ਨੂੰ ਆਈਸੋਲੇਟ ਕੀਤਾ ਜਾ ਸਕੇ।

PunjabKesari

ਇਹ ਵੀ ਪੜ੍ਹੋ ► ਅੰਮ੍ਰਿਤਸਰ ਜ਼ਿਲ੍ਹੇ 'ਚ ਸਾਹਮਣੇ ਆਇਆ ਸਭ ਤੋਂ ਘੱਟ ਉਮਰ ਵਾਲਾ ਕੋਰੋਨਾ ਪਾਜ਼ੇਟਿਵ ਦਾ ਮਾਮਲਾ

ਪੁਲਸ ਬੋਲੀ ਸੀ ਨਾਕਾਬੰਦੀ ਤੋਂ ਫੜੇ, ਹੁਣ ਸੱਚ ਆਇਆ ਸਾਹਮਣੇ
ਸੌਰਵ ਅਤੇ ਨਵਜੋਤ ਜਦੋਂ ਵਾਰਦਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੰਤ ਸਿੰਘ ਅਤੇ ਸੁਖਵਿੰਦਰ ਸਿੰਘ ਨਾਂ ਦੇ 2 ਵਿਅਕਤੀਆਂ ਨੇ ਫੜਿਆ ਸੀ। ਉਨ੍ਹਾਂ ਨੇ ਹੀ ਮੁਲਜ਼ਮਾਂ ਨੂੰ ਚੌਕੀ ਜੀਵਨ ਨਗਰ ਦੀ ਪੁਲਸ ਹਵਾਲੇ ਕੀਤਾ ਸੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ ਸੀ, ਜਦੋਂਕਿ ਪੁਲਸ ਨੇ ਕਿਹਾ ਸੀ ਕਿ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਫੜਿਆ ਹੈ। ਹੁਣ ਜਦੋਂ ਇਕ ਮੁਲਜ਼ਮ ਕੋਰੋਨਾ ਪਾਜ਼ੇਟਿਵ ਆਇਆ ਹੈ ਤਾਂ ਪੁਲਸ ਨੇ ਮੰਨਿਆ ਕਿ ਮੁਲਜ਼ਮਾਂ ਨੂੰ 2 ਪ੍ਰਾਈਵੇਟ ਲੋਕਾਂ ਨੇ ਫੜ ਕੇ ਚੌਕੀ ਹਵਾਲੇ ਕੀਤਾ ਸੀ। ਹੁਣ ਉਨ੍ਹਾਂ ਦੋਵੇਂ ਵਿਅਕਤੀਆਂ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਗਿਆ ਹੈ, ਨਾਲ ਹੀ ਮੁਲਜ਼ਮਾਂ ਦੇ ਪਰਿਵਾਰ ਨੂੰ ਵੀ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ : ਆਖਰ ਮੌਤ ਤੋਂ ਬਾਅਦ ਸਸਕਾਰ ਦਾ ਡਰ ਕਿਉਂ?

'ਥਾਣਾ-ਚੌਕੀ 'ਚ ਜਿਹੜੇ ਪੁਲਸ ਮੁਲਾਜ਼ਮ ਮੁਲਜ਼ਮ ਦੇ ਸੰਪਰਕ 'ਚ ਆਏ, ਉਨ੍ਹਾਂ ਨੂੰ ਕੁਆਰੰਟਾਈਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਫਰਾਰ ਹੋਏ ਦੂਜੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।' -ਅਰਜਿੰਦਰ ਸਿੰਘ, ਏ. ਡੀ. ਸੀ. ਪੀ.-4, ਲੁਧਿਆਣਾ।


author

Anuradha

Content Editor

Related News