ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਣ ਕਾਰਨ ਮਾਂ-ਪੁੱਤ ਜ਼ਖ਼ਮੀ
Tuesday, Jun 09, 2020 - 12:54 PM (IST)
ਤਪਾ ਮੰਡੀ (ਮੇਸ਼ੀ, ਸ਼ਾਮ,ਗਰਗ): ਸਥਾਨਕ ਪੁਰਾਣਾ ਬਾਜਾਰ 'ਚ ਰਹਿੰਦੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਅਚਾਨਕ ਛੱਤ ਡਿੱਗਣ ਕਾਰਨ ਸੁੱਤੇ ਪਏ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ,ਘਰੇਲੂ ਸਾਮਾਨ ਮਲਬੇ 'ਚ ਹੇਠਾਂ ਦੱਬਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਸ ਸਬੰਧੀ ਮਕਾਨ ਮਾਲਕ ਸ਼ਿਵ ਕੁਮਾਰ ਘਈ ਨੇ ਦੱਸਿਆ ਕਿ ਅੱਜ ਸਵੇਰੇ 6.30 ਵਜੇ ਦੇ ਕਰੀਬ ਮੇਰੀ ਪਤਨੀ ਭੋਲੀ ਦੇਵੀ ਅਤੇ ਪੁੱਤਰ ਬੱਲੂ ਰਾਮ ਇਕ ਕਮਰੇ 'ਚ ਸੁੱਤੇ ਪਏ ਸੀ,ਜਦਕਿ ਬਾਕੀ ਪਰਿਵਾਰਕ ਮੈਂਬਰ ਆਪਣਾ ਘਰੇਲੂ ਕੰਮ ਕਰ ਰਹੇ ਸੀ।
ਕਮਰੇ ਦੀ ਛੱਤ ਜੋਕਿ ਲੋਹੇ ਦੇ ਗਾਡਰਾਂ ਅਤੇ ਬੱਲੀਆਂ ਨਾਲ ਬਣੀ ਹੋਈ ਸੀ,ਲੋਹੇ ਦਾ ਗਾਡਰ ਜੋ ਪੁਰਾਣਾ ਹੋਕੇ ਗਲ ਗਿਆ ਸੀ,ਵਿਚਕਾਰੋਂ ਇੱਕਦਮ ਟੁੱਟਕੇ ਹੇਠਾਂ ਡਿੱਗਣ ਕਾਰਨ ਦੂਰ ਤੱਕ ਖੜਕਾ ਸੁਣਿਆ ਤਾਂ ਆਂਢ-ਗੁਆਂਢ ਦੇ ਲੋਕ ਇਕੱਤਰ ਹੋ ਗਏ। ਪਹਿਲਾਂ ਮਲਬੇ ਹੇਠਾਂ ਦੱਬੇ ਮਾਂ-ਪੁੱਤਰ ਨੂੰ ਕੱਢ ਕੇ ਸਰਕਾਰੀ ਹਸਪਤਾਲ ਤਪਾ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਤਨੀ ਦੇ ਮੱਥੇ ਅਤੇ ਪੁੱਤ ਦੇ ਪੈਰਾਂ ਤੇ ਜ਼ਿਆਦਾ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ। ਇਸ ਘਟਨਾ 'ਚ ਉਨ੍ਹਾਂ ਦਾ ਘਰੇਲੂ ਸਮਾਨ,ਸਕੂਟਰ ਅਤੇ ਹੋਰ ਸਮਾਨ ਮਲਬੇ ਹੇਠਾਂ ਦੱਬਣ ਕਾਰਨ ਗਰੀਬ ਪਰਿਵਾਰ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਮੌਕੇ 'ਤੇ ਹਾਜਰ ਸ਼ਾਮ ਲਾਲ ਗੌੜ,ਗੋਰਾ ਲਾਲ ਘਈ,ਬੰਟੀ ਗਈ,ਸੁਖਵਿੰਦਰ ਸਿੰਘ ਢੋਲੂ,ਅੱਛਰੂ ਰਾਮ ਆਦਿ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।