ਮਾਮਲਾ ਸਾਬਕਾ ਏਅਰਫੋਰਸ ਅਫ਼ਸਰ ਦੇ ਘਰ ਹੋਈ ਲੁੱਟ ਦਾ, ਨੌਕਰਾਣੀ ਨਿਕਲੀ ਮਾਸਟਰਮਾਈਂਡ, 3 ਗ੍ਰਿਫ਼ਤਾਰ
Thursday, Sep 29, 2022 - 12:01 PM (IST)
ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੇ ਪਾਸ਼ ਇਲਾਕੇ ਵਿਚ ਟੇਲਰ ਰੋਡ ’ਤੇ ਏਅਰਫੋਰਸ ਅਫ਼ਸਰ ਇੰਦਰਬੀਰ ਸਿੰਘ ਸਿਡਾਨਾ ਦੇ ਘਰ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਵਿਚ ‘ਜਗ ਬਾਣੀ’ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਘਰ ਦਾ ਕੋਈ ਭੇਤੀ ਹੀ ਹੈ। ਉਕਤ ਗੱਲ ਦਾ ਖੁਲਾਸਾ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਸ ਨੇ ਦੱਸਿਆ ਕਿ ਏਅਰਫੋਰਸ ਅਫ਼ਸਰ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਰ ਦੀ ਨੌਕਰਾਣੀ ਰਮਨਪ੍ਰੀਤ ਕੌਰ ਨਿਕਲੀ। ਰਮਨਪ੍ਰੀਤ ਨੇ ਆਪਣੇ ਪਤੀ ਬਿਕਰਮਜੀਤ ਸਿੰਘ ਅਤੇ ਉਸ ਦੇ ਦੋਸਤ ਦੀਪਕ ਸਿੰਘ ਨਾਲ ਮਿਲ ਕੇ ਘਰ ਵਿਚ ਪਈ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਲਏ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 200 ਗ੍ਰਾਮ ਸੋਨਾ, 6.75 ਲੱਖ ਰੁਪਏ ਨਕਦ ਅਤੇ 10420 ਅਮਰੀਕੀ ਡਾਲਰ ਬਰਾਮਦ ਕੀਤੇ ਹਨ।
ਘਰ ਦੇ ਹਰ ਰਾਜ ਨੂੰ ਜਾਣਦੀ ਸੀ ਰਮਨਪ੍ਰੀਤ ਕੌਰ
ਪਿਛਲੇ ਕਰੀਬ ਡੇਢ ਸਾਲ ਤੋਂ ਘਰ ਦਾ ਕੰਮ ਕਰਨ ਵਾਲੀ ਲੁੱਟ ਦੀ ਮਾਸਟਰਮਾਈਂਡ ਰਮਨਪ੍ਰੀਤ ਕੌਰ ਘਰ ਦੇ ਹਰ ਰਾਜ ਨੂੰ ਜਾਣਦੀ ਸੀ। ਬੇਸ਼ੱਕ ਉਹ ਘਰ ਦਾ ਕੰਮ ਕਰਦੀ ਸੀ ਪਰ ਇਰਾਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ। ਹੌਲੀ-ਹੌਲੀ, ਉਸ ਨੇ ਘਰ ਦੇ ਮੈਂਬਰਾਂ ਦਾ ਵਿਸ਼ਵਾਸ ਜਿੱਤ ਲਿਆ ਅਤੇ ਫਿਰ ਘਰ ਵਿਚ ਲਿਆਂਦੇ ਗਹਿਣਿਆਂ, ਨਕਦੀ ਅਤੇ ਹੋਰ ਕੀਮਤੀ ਸਾਮਾਨ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੂੰ ਪਤਾ ਸੀ ਕਿ ਘਟਨਾ ਸਮੇਂ ਘਰ ਦਾ ਮਾਲਕ ਇੰਦਰਬੀਰ ਇਕੱਲਾ ਸੀ, ਜਿਵੇਂ ਹੀ ਉਹ ਆਪਣਾ ਕੰਮ ਖ਼ਤਮ ਕਰ ਕੇ ਬਾਹਰ ਨਿਕਲੀ ਤਾਂ ਉਸ ਦਾ ਪਤੀ ਆਪਣੇ ਸਾਥੀ ਨਾਲ ਘਰ ਵਿਚ ਦਾਖਲ ਹੋ ਗਿਆ। ਉਸ ਨੇ ਇੰਦਰਬੀਰ ਨੂੰ ਬੰਧਕ ਬਣਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ।
ਨੌਕਰਾਣੀ ਦੀ ਮੂਮੈਂਟ ਨੂੰ ਟ੍ਰੈਕ ਕਰਨ ਤੋਂ ਬਾਅਦ ਕੀਤਾ ਸੀ ਰਾਊਂਡਅੱਪ
ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਨੌਕਰਾਣੀ ਦੀ ਮੂਮੈਂਟ ਨੂੰ ਟ੍ਰੈਕ ਕੀਤਾ ਅਤੇ ਜਦੋਂ ਉਸ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਹੋਇਆ ਤਾ ਉਸ ਨੂੰ ਰਾਊਂਡਅੱਪ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਅਤੇ ਦੋਨੋਂ ਨੇ ਮਾਮਲੇ ਦਾ ਖੁਲਾਸਾ ਕਰ ਦਿੱਤਾ। ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਤੀਸਰੇ ਸਾਥੀ ਨੂੰ ਵੀ ਫੜ ਲਿਆ ਗਿਆ ਅਤੇ ਲੁੱਟੇ ਗਏ ਪੈਸੇ ਅਤੇ ਗਹਿਣਿਆਂ ਨੂੰ ਬਰਾਮਦ ਕਰ ਕੇ ਮਾਮਲੇ ਨੂੰ ਸੁਲਝਾ ਲਿਆ ਗਿਆ।
ਮੁਲਜ਼ਮਾਂ ਕੋਲੋਂ ਬਰੀਕੀ ਨਾਲ ਪੁੱਛਗਿਛ ਜਾਰੀ : ਪੁਲਸ ਕਮਿਸਨਰ
ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਦਾ ਕਹਿਣਾ ਹੈ ਕਿ ਲੁੱਟ-ਖੋਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਵਲੋਂ ਸਰਅੰਜਾਮ ਦਿੱਤੀਆਂ ਗਈਆਂ ਹੋਰ ਵਾਰਦਾਤਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।