ਰੋਪੜ ਦੇ ਨਾਮੀ ਹੋਟਲ ’ਚ 15 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
Friday, Jan 29, 2021 - 12:51 PM (IST)

ਰੂਪਨਗਰ (ਸੱਜਣ ਸੈਣੀ) : ਰੋਪੜ ਬੇਲਾ ਰੋਡ ’ਤੇ ਸਥਿਤ ਇਕ ਨਾਮੀ ਹੋਟਲ ਮਾਲਕ ਦੇ ਘਰ ਵਿਚ 15 ਸਾਲਾ ਨੌਕਰਾਣੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਮਰਨ ਵਾਲੀ ਨੌਕਰਾਣੀ ਦੀ ਪਹਿਚਾਣ ਅਨੀਤਾ ਰਾਣੀ ਉਮਰ ਕਰੀਬ 15 ਸਾਲ ਪੁੱਤਰੀ ਸੁਮੇਰ ਕੁਮਾਰ ਵਾਸੀ ਰੂਪਨਗਰ ਵਜੋਂ ਹੋਈ ਹੈ। ਮਿ੍ਰਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਧੀ ਸਵੇਰੇ ਸਾਢੇ ਨੌ ਵਜੇ ਹੋਟਲ ਮਾਲਕ ਦੇ ਘਰ ਕੰਮ ਕਰਨ ਗਈ ਸੀ, ਜਿਸ ਦੀ ਲਾਸ਼ ਘਰ ਦੇ ਵਿਚ ਪਾਠ ਪੂਜਾ ਲਈ ਬਣੇ ਇਕ ਕਮਰੇ ਵਿਚ ਲਟਕਦੀ ਮਿਲੀ । ਹੋਟਲ ਮਾਲਕ ਲਖਵਿੰਦਰ ਸਿੰਘ ਉਰਫ ਮਿੱਠੂ ਅਨੁਸਾਰ ਉਨ੍ਹਾਂ ਦੀ ਨੌਕਰਾਣੀ ਵੱਲੋਂ ਆਤਮਹੱਤਿਆ ਕੀਤੀ ਗਈ ਹੈ ਪ੍ਰੰਤੂ ਮਿ੍ਰਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਬੇਟੀ ਵਲੋਂ ਆਤਮਹੱਤਿਆ ਨਹੀਂ ਕੀਤੀ ਗਈ ਬਲਕਿ ਕਿਸੇ ਵੱਲੋਂ ਮਾਰਿਆ ਗਿਆ ਹੈ। ਪੀੜਤ ਪਰਿਵਾਰ ਵੱਲੋਂ ਪੁਲਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ।
ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ
ਮਿ੍ਰਤਕ ਕੁੜੀ ਦੇ ਪਿਤਾ ਸੁਮੇਰ ਕੁਮਾਰ ਅਨੁਸਾਰ ਉਨ੍ਹਾਂ ਦੀ ਬੇਟੀ ਐੱਚ. ਐੱਮ. ਟੀ. ਹੋਟਲ ਮਾਲਕ ਲਖਵਿੰਦਰ ਸਿੰਘ ਉਰਫ਼ ਮਿੱਠੂ ਦੇ ਘਰੇ ਕਰੀਬ ਚਾਰ ਸਾਲਾਂ ਤੋਂ ਕੰਮ ਕਰਦੀ ਸੀ ਅਤੇ ਅੱਜ ਰੋਜ਼ਾਨਾਂ ਦੀ ਤਰ੍ਹਾਂ ਸਵੇਰੇ ਸਾਢੇ 9 ਵਜੇ ਕੰਮ ਤੇ ਗਈ ਪ੍ਰੰਤੂ ਕਰੀਬ ਇਕ ਵਜੇ ਹੋਟਲ ਮਾਲਕ ਦਾ ਫੋਨ ਆਇਆ ਕਿ ਹੁਣੇ ਤੁਸੀਂ ਮੇਰੇ ਘਰ ਪਹੁੰਚੋ । ਕੁੜੀ ਦੇ ਪਿਤਾ ਅਨੁਸਾਰ ਜਦੋਂ ਉਹ ਹੋਟਲ ਮਾਲਕ ਦੇ ਘਰ ਪਹੁੰਚਿਆ ਤਾਂ ਹੋਟਲ ਮਾਲਕਾਂ ਨੇ ਇਕ ਕਮਰੇ ਦਾ ਦਰਵਾਜ਼ਾ ਖੋਲਿ੍ਹਆ ਜਿਸ ਦੇ ਅੰਦਰ ਉਸ ਦੀ ਧੀ ਦੀ ਲਾਸ਼ ਫੰਦੇ ਨਾਲ ਲਟਕ ਰਹੀ ਸੀ ।
ਕੁੜੀ ਦੇ ਚਾਚਾ-ਚਾਚੀ ਨੇ ਵੀ ਕੁੜੀ ਦੇ ਆਤਮਹੱਤਿਆ ਕਰਨ ਤੋਂ ਇਨਕਾਰ ਕਰਦੇ ਹੋਏ ਮੌਤ ਦੇ ਕੁਝ ਹੋਰ ਹੀ ਕਾਰਨ ਦੱਸਦੇ ਹੋਏ ਮਾਮਲੇ ਦੀ ਨਿਰਪੱਖ ਜਾਂਚ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ । ਮਿ੍ਰਤਕ ਕੁੜੀ ਦੇ ਪਿਤਾ ਅਤੇ ਚਾਚਾ ਨੇ ਮੰਗ ਕੀਤੀ ਕਿ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿਚ ਡਾਕਟਰਾਂ ਦੇ ਬੋਰਡ ਤੋਂ ਕੁੜੀ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ।
ਥਾਣਾ ਸਿਟੀ ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ । ਥਾਣਾ ਸਿਟੀ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਚੌਧਰੀ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਦੂਜੇ ਪਾਸੇ ਜਦੋਂ ਹੋਟਲ ਮਾਲਕ ਦੇ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਸੇ ਦੂਰ ਜਗ੍ਹਾ ਤੇ ਹੋਣ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਕੁੜੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ, ਇਸ ਤੋਂ ਜ਼ਿਆਦਾ ਉਨ੍ਹਾਂ ਨੂੰ ਕੁਝ ਨਹੀਂ ਪਤਾ । ਜ਼ਿਕਰ -ਏ-ਖਾਸ ਹੈ ਮਿ੍ਰਤਕਾ ਦੀ ਮੌਤ ਦਾ ਕਾਰਨ ਭਾਵੇਂ ਹੋਟਲ ਮਾਲਕ ਵੱਲੋਂ ਆਤਮਹੱਤਿਆ ਦੱਸਿਆ ਜਾ ਰਿਹਾ ਹੈ ਪ੍ਰੰਤੂ ਪਰਿਵਾਰਕ ਮੈਂਬਰਾਂ ਵੱਲੋਂ ਜੋ ਮੌਤ ਤੇ ਕਈ ਸ਼ੱਕ ਖੜ੍ਹੇ ਕੀਤੇ ਗਏ ਹਨ, ਉਨ੍ਹਾਂ ਦੀ ਸੱਚਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ ।
ਇਹ ਵੀ ਪੜ੍ਹੋ : ਜਲੰਧਰ: ਭਾਰਗੋਂ ਕੈਂਪ ’ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਘਟਨਾ ਕੈਮਰੇ ’ਚ ਕੈਦ