ਲੁਧਿਆਣਾ ’ਚ ਬੁੱਢੇ ਨਾਲੇ ਦੇ ਸਿਰ ’ਤੇ ਹੀ ਚੱਲ ਰਹੇ ਹਨ ਪੰਜਾਬ ਦੇ ਹਸਪਤਾਲ : ਸੰਜੀਵ ਅਰੋੜਾ

05/15/2022 1:27:20 PM

ਜਲੰਧਰ (ਅਨਿਲ ਪਾਹਵਾ): ਪੰਜਾਬ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਾਲ ਹੀ ’ਚ ਚੁਣੇ ਗਏ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਮੈਂਬਰਸ਼ਿਪ ਕਬੂਲ ਕਰਨ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਜਿੱਥੇ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਬੀਮਾਰੀਆਂ ਦਾ ਕਾਰਨ ਦੱਸਿਆ, ਉੱਥੇ ਹੀ ਉਨ੍ਹਾਂ ਨੇ ਇਕ ਸਫ਼ਲ ਉਦਯੋਗਪਤੀ ਹੋਣ ਦੇ ਬਾਵਜੂਦ ਰਾਜਨੀਤੀ ’ਚ ਆਉਣ ਦੇ ਕਾਰਨਾਂ ’ਤੇ ਬੇਬਾਕੀ ਨਾਲ ਜਵਾਬ ਦਿੱਤੇ। 
ਪੇਸ਼ ਹਨ ਸ਼੍ਰੀ ਅਰੋੜਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :

ਸਮਾਜ ਸੇਵਾ ਤੋਂ ਰਾਜਨੀਤੀ ’ਚ ਕਿਵੇਂ?

ਹੁਣ ਤੱਕ ਆਪਣੇ ਪੱਧਰ ’ਤੇ ਸਮਾਜ ਸੇਵਾ ਕਰਦਾ ਆਇਆ ਹਾਂ ਪਰ ਰਾਜਨੀਤੀ ’ਚ ਆਉਣ ਦਾ ਵੀ ਇਕ ਹੀ ਮਨੋਰਥ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਸਮਾਜ ਸੇਵਾ ਦਾ ਅਸਰ ਪਹੁੰਚ ਸਕੇ। ਰਾਜ ਸਭਾ ਮੈਂਬਰ ਹੋਣ ਦੇ ਨਾਤੇ ਪੰਜਾਬ ’ਚ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਰਾਜ ਸਭਾ ’ਚ ਵਿਰੋਧ ਕਰਨਾ ਹੁਣ ਸੌਖਾ ਹੋ ਗਿਆ ਹੈ। ਰਾਜ ਸਭਾ ਮੈਂਬਰ ਬਣ ਕੇ ਕਿਸੇ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਇੱਛਾ ਨਹੀਂ ਹੈ ਕਿਉਂਕਿ ਰਾਜ ਸਭਾ ਰਾਜਨੀਤੀ ਤੋਂ ਕਿਤੇ ਉੱਪਰ ਹੈ। ਆਮ ਜਨਤਾ ਦੇ ਮੁੱਦਿਆਂ ਦੇ ਹੱਲ ਲਈ ਜਿਨ੍ਹਾਂ ਵੀ ਕੰਮ ਕੀਤਾ ਜਾ ਸਕੇ, ਉਹ ਘੱਟ ਹੋਵੇਗਾ।

ਆਮ ਆਦਮੀ ਪਾਰਟੀ ਹੀ ਕਿਉਂ?

ਮੈਂ ਪੰਜਾਬ ਅਤੇ ਦਿੱਲੀ ਦੋਵਾਂ ਸੂਬਿਆਂ ਨਾਲ ਸੰਬੰਧ ਰੱਖਦਾ ਹਾਂ। ਦਿੱਲੀ ’ਚ ਮੇਰਾ ਪਰਿਵਾਰ ਹੈ ਅਤੇ ਉੱਥੇ ਅਕਸਰ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਬਹੁਤ ਸਾਰੇ ਕੰਮ ਸਨ, ਜੋ ਕਦੇ ਨਹੀਂ ਹੋਏ ਪਰ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਏ। ਮੇਰੇ ਜੋ ਕਰੀਬੀ ਲੋਕ, ਜੋ ਕਦੇ ਭਾਜਪਾ ਦੇ ਸਮਰਥਕ ਰਹੇ ਹਨ, ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਦੇ ਸਮਰਥਕ ਬਣ ਗਏ ਹਨ। ਦਿੱਲੀ ’ਚ ਸਿੱਖਿਆ ਅਤੇ ਹੈਲਥ ਦੇ ਮਾਮਲੇ ’ਚ ਜੋ ਕੰਮ ਹੋਏ ਹਨ, ਉਹ ਪਹਿਲਾਂ ਕਦੇ ਨਹੀਂ ਹੋਏ। ਵੱਡੇ-ਵੱਡੇ ਸਕੂਲਾਂ ’ਚ ਹਰ ਆਮ ਅਤੇ ਖਾਸ ਦੇ ਬੱਚੇ ਪੜ੍ਹ ਰਹੇ ਹਨ, ਜੋ ਸ਼ਾਇਦ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਮੇਰੇ ਹਿਸਾਬ ਨਾਲ ਉਹੀ ਸਰਕਾਰ ਕਾਮਯਾਬ ਹੈ, ਜੋ ਸਿੱਖਿਆ, ਹੈਲਥ ਅਤੇ ਇਨਫ੍ਰਾਸਟ੍ਰੱਕਚਰ ਲਈ ਕੰਮ ਕਰਦੀ ਹੈ ਅਤੇ ਇਹ ਸਭ ਦਿੱਲੀ ’ਚ ਆਮ ਆਦਮੀ ਪਾਰਟੀ ਨੇ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦਾ ਝੁਕਾਅ ‘ਆਪ’ ਵੱਲ ਹੋ ਗਿਆ। ਵੈਸੇ ਮੈਂ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦੇ ਸੰਪਰਕ ’ਚ ਸੀ।

ਇਹ ਵੀ ਪੜ੍ਹੋ- ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ

ਪੈਰਾਸ਼ੂਟ ਰਾਹੀਂ ਆਉਣ ਦਾ ਦੋਸ਼

ਸੋਸ਼ਲ ਮੀਡੀਆ ’ਤੇ ਪੰਜ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਜੋ ਇਕ ਚਰਚਾ ਚੱਲ ਰਹੀ ਹੈ, ਉਹ ਬੇਬੁਨਿਆਦ ਹੈ ਪਰ ਇਹ ਲੋਕਤੰਤਰ ਹੈ ਅਤੇ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ, ਇਸ ਲਈ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਮੈਂ ਪਿਛਲੇ ਕਾਫ਼ੀ ਸਮੇਂ ਤੋਂ ਜਨਤਾ ਦੇ ਵਿਚਾਲੇ ਕੰਮ ਕਰ ਰਿਹਾ ਹਾਂ। ਕ੍ਰਿਕਟਰ ਹਰਭਜਨ ਸਿੰਘ ਦਾ ਹੁਨਰ ਬੋਲਦਾ ਹੈ। ਸੰਦੀਪ ਪਾਠਕ ਦਾ ਆਈ. ਆਈ. ਟੀ. ’ਚ ਨਾਂ ਹੈ, ਅਸ਼ੋਕ ਮਿੱਤਲ ਦਾ ਸਿੱਖਿਆ ’ਚ ਨਾਂ ਹੈ ਅਤੇ ਰਾਘਵ ਚੱਢਾ ਸੀ. ਏ. ਹਨ ਅਤੇ ਪੜ੍ਹੇ-ਲਿਖੇ ਹਨ, ਤਾਂ ਸਾਰਿਆਂ ਦਾ ਆਪਣਾ-ਆਪਣਾ ਸਮਾਜ ’ਚ ਸਥਾਨ ਹੈ। ਬਾਕੀ ਜੋ ਪੰਜਾਬ ਦੇ ਲੋਕਾਂ ਦੇ ਕੰਮ ਹਨ, ਉਹ ਜਦੋਂ ਹੋਣਗੇ, ਉਨ੍ਹਾਂ ਦੀ ਸਮੱਸਿਆਵਾਂ ਹੱਲ ਹੋਣਗੀਆਂ ਤਾਂ ਆਪਣੇ ਆਪ ਇਹ ਰੌਲਾ ਖਤਮ ਹੋ ਜਾਵੇਗਾ। ਬਾਕੀ ਜੋ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬੋਲਣ ਦਿਓ।

ਸਮਾਜ ਸੇਵਾ ਨਾਲ ਕਿਵੇਂ ਜੁੜੇ?

ਸਮਾਜ ਸੇਵਾ ਦਾ ਸ਼ੌਕ ਕੋਈ ਨਵਾਂ ਨਹੀਂ ਹੈ, ਸਗੋਂ ਬਹੁਤ ਪੁਰਾਣਾ ਹੈ। ਮੇਰੀ ਮਾਂ ਦੇ ਕੈਂਸਰ ਨਾਲ ਦਿਹਾਂਤ ਹੋਣ ਕਾਰਨ ਮੈਨੂੰ ਲੱਗਾ ਕਿ ਇਸ ਖੇਤਰ ’ਚ ਕੰਮ ਕਰਨ ਦੀ ਬੇਹੱਦ ਜ਼ਰੂਰਤ ਹੈ। ਬਹੁਤ ਸਾਰੇ ਲੋਕ ਸਮੇਂ ’ਤੇ ਕੈਂਸਰ ਤੋਂ ਪੀੜਤ ਹਨ, ਇਹ ਹੀ ਨਹੀਂ ਜਾਣ ਪਾਉਂਦੇ, ਫਿਰ ਉਪਰੋਂ ਸਟੇਜ ਨਿਕਲ ਜਾਣ ਕਾਰਨ ਵੀ ਇਲਾਜ ਕਰਵਾਉਣ ’ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ, ਇਹੀ ਕਾਰਨ ਸੀ ਕਿ ਮੈਂ ਇਸ ਖੇਤਰ ’ਚ ਕੰਮ ਸ਼ੁਰੂ ਕੀਤਾ ਅਤੇ ਜ਼ਰੂਰਤਮੰਦ ਲੋਕਾਂ, ਜੋ ਕੈਂਸਰ ਦੇ ਸ਼ਿਕਾਰ ਹਨ ਅਤੇ ਇਲਾਜ ਨਹੀਂ ਕਰਵਾ ਸਕਦੇ, ਲਈ ਕੰਮ ਕਰਨਾ ਸ਼ੁਰੂ ਕੀਤਾ। ਇਸ ਦਰਮਿਆਨ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਮੈਂ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਟਰੱਸਟ ਬਣਾਇਆ।

ਇਹ ਵੀ ਪੜ੍ਹੋ- ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ

ਕਿਵੇਂ ਕੰਮ ਚੱਲਦਾ ਇਸ ਟਰੱਸਟ ’ਚ?

ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ’ਚ ਵੀ ਮੈਂ ਆਪਣਾ ਯੋਗਦਾਨ ਦਿੰਦਾ ਹਾਂ, ਜਿੱਥੇ 3 ਮੈਂਬਰੀ ਇਕ ਕਮੇਟੀ ਹੈ, ਜੋ ਕੈਂਸਰ ਤੋਂ ਪੀੜਤ ਅਜਿਹੇ ਲੋਕਾਂ ਦੀ ਤਲਾਸ਼ ਕਰਦੀ ਹੈ, ਜੋ ਇਲਾਜ ਕਰਵਾਉਣ ’ਚ ਸਮਰੱਥ ਨਹੀਂ ਹਨ। ਉਸ ਤੋਂ ਬਾਅਦ ਮੇਰੇ ਟਰੱਸਟ ’ਚ ਉਨ੍ਹਾਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਹੁਣ ਤੱਕ 160 ਤੋਂ ਵੱਧ ਅਜਿਹੇ ਮਰੀਜ਼ਾਂ ਨੂੰ ਅਡਾਪਟ ਕਰ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਚੁੱਕਿਆ ਹੈ। ਇਸ ਇਲਾਜ ’ਚ ਕਿਸੇ ਤਰ੍ਹਾਂ ਦਾ ਵੀ ਪੈਸਾ ਨਹੀਂ ਲਿਆ ਜਾਂਦਾ ਅਤੇ ਉਨ੍ਹਾਂ ਨੂੰ ਪੂਰਾ ਟਰੀਟਮੈਂਟ ਮੁਫ਼ਤ ’ਚ ਮੁਹੱਈਆ ਕਰਵਾਇਆ ਜਾਂਦਾ ਹੈ। ਇਕ ਮਰੀਜ਼ ’ਤੇ ਲਗਭਗ 5 ਤੋਂ 6 ਲੱਖ ਰੁਪਏ ਖਰਚ ਆਉਂਦਾ ਹੈ। ਵੈਸੇ ਜਿੰਨੇ ਵੀ ਅੱਜ ਤੱਕ ਲੋਕਾਂ ਦਾ ਇਲਾਜ ਹੋਇਆ ਹੈ, ਉਨ੍ਹਾਂ ’ਚੋਂ ਮੈਂ ਕਿਸੇ ਨੂੰ ਵੀ ਨਹੀਂ ਮਿਲਿਆ।

ਪੰਜਾਬ ਨੂੰ ਲੈ ਕੇ ਕੀ ਯੋਜਨਾ ਹੈ?

ਪੰਜਾਬ ’ਚ ਆਮ ਜਨਤਾ ਨੂੰ ਕਈ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਫਿਰ ਵੀ ਉਨ੍ਹਾਂ ਦੇ ਕੰਮ ਨਹੀਂ ਹੁੰਦੇ। ਪੰਜਾਬ ’ਚ ਆਮ ਆਦਮੀ ਪਾਰਟੀ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਇਸ ਦਾ ਫਾਇਦਾ ਲੋਕਾਂ ਨੂੰ ਮਿਲਣ ਲੱਗੇਗਾ। ਖਾਸ ਕਰ ਕੇ ਸਿੰਗਲ ਵਿੰਡੋ ਸਿਸਟਮ ਦੇ ਤਹਿਤ ਆਨਲਾਈਨ ਘਰ ਬੈਠੇ ਲੋਕਾਂ ਦੇ ਜ਼ਰੂਰੀ ਕੰਮ ਜੇਕਰ ਹੋ ਜਾਣ, ਤਾਂ ਇਸ ਤੋਂ ਵੱਡਾ ਫਾਇਦਾ ਸ਼ਾਇਦ ਕੋਈ ਨਹੀਂ ਹੋਵੇਗਾ। ਹੋਰ ਵੀ ਜੋ ਪੰਜਾਬ ਦੀਆਂ ਮੁੱਖ ਸਮੱਸਿਆਵਾਂ ਹਨ, ਉਨ੍ਹਾਂ ਨੂੰ ਤਲਾਸ਼ਿਆ ਜਾ ਰਿਹਾ ਹੈ, ਤਾਂ ਕਿ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਮੋਹਾਲੀ ਹਮਲੇ ’ਚ ਡੀ. ਜੀ. ਪੀ ਦਾ ਖੁਲਾਸਾ, ਬੱਬਰ ਖਾਲਸਾ ਦੇ ਇਸ਼ਾਰੇ ’ਤੇ ਕੈਨੇਡਾ ਬੈਠੇ ਗੈਂਗਸਟਰ ਨੇ ਕਰਵਾਈ ਵਾਰਦਾਤ

ਲੁਧਿਆਣਾ ਨੂੰ ਲੈ ਕੇ ਕੀ ਹੈ ਯੋਜਨਾ?

ਬੇਸ਼ੱਕ ਮੈਂ ਪੰਜਾਬ ਦੇ ਲੁਧਿਆਣਾ ਨਾਲ ਸਬੰਧ ਰੱਖਦਾ ਹਾਂ ਪਰ ਮੇਰੀ ਪਹਿਲ ਪੰਜਾਬ ਹੀ ਹੈ। ਜਿੱਥੋਂ ਤੱਕ ਲੁਧਿਆਣਾ ਦੀ ਗੱਲ ਹੈ ਤਾਂ ਮੈਂ ਸੋਚਦਾ ਹਾਂ ਕਿ ਲੁਧਿਆਣਾ ’ਚ ਬੁੱਢੇ ਨਾਲੇ ਦੇ ਸਿਰ ’ਤੇ ਹੀ ਪੰਜਾਬ ਦੇ ਹਸਪਤਾਲ ਚੱਲ ਰਹੇ ਹਨ। ਇਸ ਨਾਲੇ ਕਾਰਨ ਇੰਨਾ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸ ਦਾ ਅਸਰ ਹਵਾ ਅਤੇ ਪਾਣੀ ਦੋਵਾਂ ’ਤੇ ਹੋ ਰਿਹਾ ਹੈ। ਇਸ ਦੇ ਕਾਰਨ ਲੋਕਾਂ ’ਚ ਬੀਮਾਰੀਆਂ ਫੈਲ ਰਹੀਆਂ ਹਨ। ਇਸ ਦੇ ਲਈ ਕੰਮ ਕਰਨਾ ਬੇਹੱਦ ਜ਼ਰੂਰੀ ਹੈ। ਉੱਪਰੋਂ ਡਾਇੰਗ ਇੰਡਸਟਰੀ ਨੂੰ ਲੈ ਕੇ ਵੀ ਇਕ ਪੁਖਤਾ ਯੋਜਨਾ ਬਣਾਉਣੀ ਹੋਵੇਗੀ, ਤਾਂ ਕਿ ਪੂਰੀ ਇੰਡਸਟਰੀ ਨੂੰ ਇਕ ਹੀ ਜਗ੍ਹਾ ’ਤੇ ਸ਼ਿਫਟ ਕਰ ਕੇ ਉਸ ਤੋਂ ਹੋਣ ਵਾਲੇ ਪ੍ਰਦੂਸ਼ਣ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਟ੍ਰੈਫਿਕ ਦੀ ਸਮੱਸਿਆ ਲੁਧਿਆਣਾ ਲਈ ਵੱਡਾ ਮੁੱਦਾ ਹੈ। ਹਲਵਾਰਾ ਏਅਰਪੋਰਟ ਦਾ ਕੰਮ ਕਾਫ਼ੀ ਸਮੇਂ ਤੋਂ ਰੁਕਿਆ ਹੋਇਆ ਹੈ, ਜਿਸ ’ਤੇ ਕੰਮ ਕਰਵਾਉਣਾ ਸਮੇਂ ਦੀ ਲੋੜ ਹੈ ਅਤੇ ਉਹ ਇਨ੍ਹਾਂ ਮਸਲਿਆਂ ਨੂੰ ਲੈ ਕੇ ਰਾਜ ਸਭਾ ’ਚ ਵੀ ਆਪਣੀ ਗੱਲ ਰੱਖਣਗੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News