ਸੀਵਰੇਜ ਸਿਸਟਮ ਦੀ ਮੁਰੰਮਤ ਕਰਦੇ ਸਮੇਂ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਗੰਭੀਰ (ਵੀਡੀਓ)

Tuesday, Aug 08, 2017 - 04:08 PM (IST)

ਮਲੋਟ (ਤਰਸੇਮ ਢੁੱਡੀ) — ਇਥੇ ਅਬੋਹਰ ਰੋਡ ਸਥਿਤ ਸੀਵਰੇਜ ਸਿਸਟਮ ਦੀ ਮੁਰੰਮਤ ਕਰਦੇ ਸਮੇਂ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦ ਕਿ ਇਕ ਮਜ਼ਦੂਰ ਬੇਹੋਸ਼ ਦੱਸਿਆ ਜਾ ਰਿਹਾ ਹੈ, ਜਿਸ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਉਕਤ ਵਿਅਕਤੀ ਬਰੇਲੀ (ਯੂ.ਪੀ.) ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਹਿਚਾਣ ਸੀਤਾ ਰਾਮ ਪੁੱਤਰ ਜੀਵਨ, ਜਾਨੂ ਉਰਫ ਪ੍ਰਿੰਸ ਪੁੱਤਰ ਅਮਰਨਾਥ ਤੇ ਰਾਜੇਸ਼ ਕੁਮਾਰ ਪੁੱਤਰ ਮਥੁਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਵਿਅਕਤੀ ਸੋਮਵਾਰ ਦੀ ਸ਼ਾਮ ਨੂੰ ਅਬੋਹਰ ਰੋਡ 'ਤੇ ਸੀਵਰੇਜ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ। ਤਿੰਨੋਂ ਸੀਵਰੇਜ 'ਚ ਵੜ੍ਹੇ ਹੋਏ ਸਨ, ਜਿਸ ਦੌਰਾਨ ਗੈਸ ਚੜ੍ਹਨ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ। ਇਸ ਦੌਰਾਨ ਸੀਤਾ ਰਾਮ ਤੇ ਪ੍ਰਿੰਸ ਦੀ ਮੌਕੇ 'ਤੇ ਮੌਤ ਹੋ ਗਈ, ਜਦ ਕਿ ਰਾਜੇਸ਼ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲੈ ਜਾਇਆ ਗਿਆ। ਮ੍ਰਿਤਕ ਮਲੋਟ 'ਚ ਠੇਕੇਦਾਰ ਤਰਸੇਮ ਚੰਦਰ ਦੇ ਅੰਡਰ ਨਿਜੀ ਤੌਰ 'ਤੇ ਸੀਵਰੇਜ ਦੀ ਸਫਾਈ ਦਾ ਕੰਮ ਕਰਦੇ ਸਨ। ਹਾਦਸੇ ਦੇ ਕੁਝ ਸਮੇਂ ਬਾਅਦ ਘਟਨਾ ਸਥਾਨ 'ਤੇ ਪੁਲਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

PunjabKesari

ਪਹਿਲਾਂ ਵੀ ਹੋ ਚੁੱਕੇ ਹਨ ਅਜਿਹੇ ਹਾਦਸੇ
ਜ਼ਿਕਰਯੋਗ ਹੈ ਕਿ ਜਿਥੇ ਕਰੀਬ 6 ਮਹੀਨੇ ਪਹਿਲਾਂ ਜਲਾਲਾਬਾਦ ਰੋਡ ਮੁਕਤਸਰ 'ਚ ਵੀ ਸੀਵਰੇਜ 'ਚ ਇਕ ਠੇਕੇਦਾਰ ਦੇ ਦੋ ਨਿਜੀ ਸਫਾਈ ਕਰਮਚਾਰੀਆਂ ਦੀ ਵੀ ਸੀਵਰੇਜ 'ਚ ਕੰਮ ਕਰਦਿਆਂ ਮੌਤ ਹੋ ਗਈ ਸੀ। ਉਥੇ ਹੀ 6 ਮਹੀਨੇ ਪਹਿਲਾਂ ਹੀ ਗਿੱਦੜਬਾਹਾ 'ਚ ਸੀਵਰੇਜ ਪਲਾਟ 'ਚ ਮੁਰੰਮਤ ਕਰਦੇ ਸਮੇਂ ਪਿਤਾ-ਪੁੱਤਰ ਦੀ ਮੌਤ ਹੋ ਗਈ ਸੀ।

PunjabKesari


Related News