ਫਾਟਕ ਤੋੜ ਟਰੱਕ 'ਚ ਵੱਜਾ ਟਿੱਪਰ, 50 ਮੀਟਰ ਦੀ ਦੂਰੀ 'ਤੇ ਟਰੇਨ ਨੂੰ ਲਾਉਣੀ ਪਈ ਬ੍ਰੇਕ (ਵੀਡੀਓ)
Saturday, Feb 08, 2020 - 10:44 AM (IST)
ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਕੋਲ ਬਣੇ ਰੇਲਵੇ ਫਾਟਕ 'ਤੇ ਟਰੇਨ ਆਉਣ ਤੋਂ ਮਹਿਜ ਕੁਝ ਹੀ ਸਮਾਂ ਪਹਿਲਾਂ ਟਰੱਕ ਤੇ ਟਿੱਪਰ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਰੇਲਵੇ ਫਾਟਕ ਬੰਦ ਸੀ ਪਰ ਫਗਵਾੜਾ ਬਾਈਪਾਸ ਦੇ ਰਸਤੇ ਤੋਂ ਆ ਰਿਹਾ ਸੀਮੈਂਟ ਨਾਲ ਭਰਿਆ ਟਿੱਪਰ ਰੇਲਵੇ ਫਾਟਕ ਨੂੰ ਤੋੜਦਾ ਹੋਇਆ ਦੂਜੇ ਪਾਸੇ ਖੜੇ ਟਰੱਕ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਟਰੱਕ ਦੀ ਤੇਲ ਵਾਲੀ ਟੈਂਕੀ ਵੀ ਫਟ ਗਈ।
ਉਧਰ ਹੁਸ਼ਿਆਰਪੁਰ ਤੋਂ ਦਿੱਲੀ ਜਾ ਰਹੀ ਰੇਲਗੱਡੀ ਵੀ ਸ਼ੂਕਦੀ ਹੋਈ ਕੋਲ ਆ ਰਹੀ ਸੀ। ਰੇਲਗੱਡੀ ਨੂੰ ਵੇਖ ਸਭ ਦੀ ਜਾਨ ਮੁੱਠੀ 'ਚ ਆ ਗਈ ਅਤੇ ਕਰੇਨ ਨਾਲ ਰੇਲਵੇ ਲਾਈਨਾਂ 'ਚ ਫਸੇ ਟਰੱਕ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ। ਹਾਦਸੇ ਵਾਲੀ ਥਾਂ ਤੋਂ ਮਹਿਜ਼ 50 ਮੀਟਰ ਪਹਿਲਾਂ ਟ੍ਰੇਨ ਦੀਆਂ ਬ੍ਰੇਕਾਂ ਲੱਗੀਆਂ। ਪੁਲਸ ਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਕਰੀਬ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਟਰੈਕ ਤੋਂ ਹਟਾਇਆ ਗਿਆ ਤੇ ਰੇਲਗੱਡੀ ਅਗਲੇ ਪੜਾਅ ਲਈ ਰਵਾਨਾ ਹੋਈ।
ਹਾਦਸੇ 'ਚ ਜ਼ਖ਼ਮੀ ਹੋਏ ਟਰੱਕ ਡਰਾਈਵਰਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।