1 ਤੋਂ 15 ਦਸੰਬਰ ਤੱਕ ਲੱਗੇਗਾ ਨਾਈਟ ਕਰਫਿਊ, ਮਾਸਕ ਨਾ ਪਹਿਨਣ ਵਾਲਿਆਂ ਦਾ ਹੋਵੇਗਾ ਚਲਾਨ : ਡੀ. ਸੀ.

Friday, Nov 27, 2020 - 12:15 AM (IST)

ਹੁਸ਼ਿਆਰਪੁਰ, (ਘੁੰਮਣ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੋਰ ਸੂਬਿਆਂ ਵਿਚ ਵੱਧ ਰਹੇ ਕੋਵਿਡ ਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਕੋਵਿਡ-19 ਦੀ ਮਹਾਮਾਰੀ ਤੋਂ ਬਚਾਉਣ। ਉਨ੍ਹਾਂ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਜ਼ਿਲਾ ਵਾਸੀਆਂ ਨੂੰ ਕੋਵਿਡ-19 ਸਬੰਧੀ ਜ਼ਿਲੇ ਦੀ ਤਾਜ਼ਾ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਇਸ ਸਮੇਂ 5 ਹਾਟ ਸਪਾਟ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਸ਼ ਦੇ ਕੁੱਝ ਸੂਬਿਆਂ ਵਿਚ ਕੋਵਿਡ ਦੇ ਵਧਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ 1 ਦਸੰਬਰ ਤੋਂ 15 ਦਸੰਬਰ ਤੱਕ ਰਾਤ ਦਾ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਮਾਸਕ ਨਾ ਪਾਉਣ ਵਾਲਿਆਂ ਲਈ ਕੀਤੇ ਜਾਣ ਵਾਲੇ ਜੁਰਮਾਨੇ ਨੂੰ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰਨ ਦੇ ਵੀ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਦੁਕਾਨਾਂ, ਹੋਟਲ, ਰੈਸਟੋਰੈਂਟ, ਮੈਰਿਜ ਪੈਲਿਸ ਅਤੇ ਹੋਰ ਅਦਾਰੇ 9.30 ਵਜੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਾਉਣ, ਹੱਥਾਂ ਨੂੰ ਸਮੇਂ-ਸਮੇਂ ’ਤੇ ਸਾਬਣ ਅਤੇ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹਿਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ।

ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਵਿਚ ਰੋਜ਼ਾਨਾ ਕੋਵਿਡ-19 ਦੇ ਕਰੀਬ 1700 ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜੋ ਸਕੂਲ, ਕਾਲਜ ਖੁੱਲ੍ਹੇ ਹਨ, ਉਥੇ ਵੀ ਸੈਂਪਲਿੰਗ ਕੀਤੀ ਜਾਂਦੀ। ਉਨ੍ਹਾਂ ਲੋਕਾਂ ਨੂੰ ਸੈਂਪਲਿੰਗ ਕਰਨ ਵਾਲੀਆਂ ਸਿਹਤ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ’ਤੇ ਕੋਵਿਡ ਪਾਜ਼ੇਟਿਵ ਆਉਣ ਵਾਲੇ ਮਰੀਜ਼ ਨੂੰ 14 ਦਿਨ ਲਈ ਇੰਸਟੀਚਿਊਸ਼ਨਲ ਕੁਆਰੰਟਾਈਨ ਨਹੀਂ ਕੀਤਾ ਜਾਂਦਾ ਬਲਕਿ ਉਸਦੇ ਘਰ ਵਿਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ।
 


Bharat Thapa

Content Editor

Related News