ਹੁਸ਼ਿਆਰਪੁਰ ਜ਼ਿਲ੍ਹੇ ''ਚ 66 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 2 ਦੀ ਮੌਤ
Thursday, Sep 17, 2020 - 08:12 PM (IST)
ਹੁਸ਼ਿਆਰਪੁਰ, (ਘੁੰਮਣ)- ਸਿਹਤ ਵਿਭਾਗ ਨੂੰ ਅੱਜ ਹਾਸਲ ਹੋਈ 1448 ਸੈਂਪਲਾਂ ਦੀ ਰਿਪੋਰਟ ’ਚ 66 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਕੇਸ ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਨਾਲ ਸਬੰਧਤ ਹਨ, ਜਦੋਂ ਕਿ 56 ਕੇਸ ਹੋਰ ਬਲਾਕਾਂ ਦੇ ਹਨ। ਜ਼ਿਲੇ ਵਿਚ ਹੁਣ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 3371 ਹੋ ਗਈ ਹੈ। ਅੱਜ 2 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਵੀ ਹੋ ਗਈ, ਜਿਨ੍ਹਾਂ ਵਿਚ 70 ਸਾਲ ਦੀ ਔਰਤ ਨਿਵਾਸੀ ਪਿੰਡ ਗੋਬਿੰਦਪੁਰ ਖੁਣਖੁਣ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋ ਗਈ ਅਤੇ ਪਿੰਡ ਨੰਗਲ ਚੋਰਾਂ ਦੇ ਇਕ 56 ਸਾਲਾ ਵਿਅਕਤੀ ਦੀ ਮੌਤ ਲੁਧਿਆਣਾ ਦੇ ਇਕ ਹਸਪਤਾਲ ’ਚ ਹੋਈ। ਇਸਦੇ ਨਾਲ ਹੀ ਜ਼ਿਲੇ ’ਚ ਮ੍ਰਿਤਕਾਂ ਦੀ ਕੁੱਲ ਗਿਣਤੀ 103 ਹੋ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਅਨੁਸਾਰ ਅੱਜ 2004 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਲਏ ਗਏ 83,622 ਸੈਂਪਲਾਂ ਵਿਚੋਂ 78,476 ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲੇ ਵਿਚ 2258 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 1010 ਹੈ।