ਰੋਡਵੇਜ਼ ਪੈਨਸ਼ਨਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

02/16/2019 4:13:13 AM

ਹੁਸ਼ਿਆਰਪੁਰ (ਘੁੰਮਣ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਇਕੱਤਰਤਾ ਬੱਸ ਸਟੈਂਡ ਵਿਖੇ ਐਸੋਸੀਏਸ਼ਨ ਦੇ ਆਗੂ ਗਿਆਨ ਸਿੰਘ ਠੱਕਰਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਮਾਰੇ ਗਏ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਗਿਆਨ ਸਿੰਘ ਪਲੇਠੂ, ਬਾਬਾ ਸੰਸਾਰ ਸਿੰਘ, ਗਿਆਨ ਸਿੰਘ ਠੱਕਰਵਾਲ, ਸੁਰਿੰਦਰਜੀਤ ਸਿੰਘ, ਕਮਲਜੀਤ ਸਿੰਘ, ਮਨਮੋਹਣ ਵਾਲੀਆ, ਕੁਲਭੂਸ਼ਣ, ਪ੍ਰਕਾਸ਼ ਸਿੰਘ, ਕੁਲਦੇਵ ਸਿੰਘ ਪੰਡੋਰੀ, ਬਲਵੀਰ ਸਿੰਘ, ਰਾਮ ਕ੍ਰਿਸ਼ਨ ਤੇ ਧਰਮਪਾਲ ਆਦਿ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਚ ਸ਼ਾਮਲ ਸੋਧੀ ਹੋਈ ਪੇ ਸਕੇਲ ਜਾਰੀ ਨਹੀਂ ਕਰ ਰਹੀ ਤੇ ਹੋਰ ਲਟਕਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਸਿਰਫ 6 ਫੀਸਦੀ ਡੀ. ਏ. ਦੀ ਕਿਸ਼ਤ ਦੇਣ ਦਾ ਜੋ ਐਲਾਨ ਕੀਤਾ ਹੈ, ਉਹ ਕਰਮਚਾਰੀਆਂ ਤੇ ਪੈਨਸ਼ਨਰਾਂ ਨਾਲ ਭੱਦਾ ਮਜ਼ਾਕ ਹੈ।

Related News