ਅਮਰੀਕੀ ਏਅਰਫੋਰਸ ’ਚ ਸ਼ਾਮਲ ਹੋਇਆ ਹੁਸ਼ਿਆਰਪੁਰ ਦਾ ਕੋਮਲਪ੍ਰੀਤ

09/02/2019 9:20:22 AM

ਹੁਸ਼ਿਆਰਪੁਰ (ਘੁੰਮਣ) : ਸ਼ਹਿਰ ਦੇ ਅਸਲਾਮਾਬਾਦ ਇਲਾਕਾ ਨਿਵਾਸੀ ਜ਼ਿਮੀਂਦਾਰ ਬਲਜੀਤ ਸਿੰਘ ਦੇ ਬੇਟੇ ਕੋਮਲਪ੍ਰੀਤ ਸਿੰਘ ਨੂੰ ਅਮਰੀਕਾ ਦੀ ਏਅਰਫੋਰਸ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ। ਸੇਂਟ ਜੋਸਫ ਕਾਨਵੈਂਟ ਸਕੂਲ ਵਿਚੋਂ 10ਵੀਂ ਕਰਨ ਉਪਰੰਤ ਕੋਮਲਪ੍ਰੀਤ ਨੇ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਤੋਂ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਕੀਤੀ, ਜਿਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਹਾਲ ਹੀ ਵਿਚ ਕੋਮਲਪ੍ਰੀਤ ਦੀ ਬਰਲਿੰਗਟਨ ਵਰਮੌਂਟ, 158 ਫਾਈਟਰ ਵਿੰਗ ਵਿਚ ਬਤੌਰ ਏਅਰਮੈਨ ਸਿਲੈਕਸ਼ਨ ਹੋਈ ਹੈ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਸਿਲੈਕਸ਼ਨ ਤੋਂ ਬਾਅਦ ਉਸ ਨੂੰ ਲੈਕਲੈਂਡ ਏਅਰਫੋਰਸ ਬੇਸ ਟੈਕਸਾਸ ਵਿਚ ਸਾਢੇ 8 ਮਹੀਨੇ ਦੀ ਟਰੇਨਿੰਗ ਦਿੱਤੀ ਗਈ। ਉਪਰੰਤ ਉਸ ਨੂੰ ਏਅਰਮੈਨ ਫਸਟ ਕਲਾਸ ਦਾ ਰੈਂਕ ਪ੍ਰਦਾਨ ਕੀਤਾ ਗਿਆ ਹੈ। ਬੇਟੇ ਦੀ ਇਸ ਉਪਲੱਬਧੀ ’ਤੇ ਉਸ ਦੇ ਪਿਤਾ ਬਲਜੀਤ ਸਿੰਘ ਅਤੇ ਮਾਂ ਰਣਜੀਤ ਕੌਰ ਆਪਣੇ-ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ।

ਕੋਮਲਪ੍ਰੀਤ ਅਨੁਸਾਰ ਉਸ ਦੇ ਦਾਦਾ ਸਵ. ਹਰਬੰਸ ਸਿੰਘ ਉਸ ਨੂੰ ਹਮੇਸ਼ਾ ਪਡ਼੍ਹਾਈ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ। ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਅੱਜ ਉਹ ਇਹ ਮੁਕਾਮ ਹਾਸਲ ਕਰ ਸਕਿਆ ਹੈ। ਉਸ ਨੇ ਕਿਹਾ ਕਿ ਭਾਵੇਂ ਦਾਦਾ ਜੀ ਅੱਜ ਦੁਨੀਆ ਵਿਚ ਨਹੀਂ ਰਹੇ ਪਰ ਉਸ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।


cherry

Content Editor

Related News