''ਹੁੱਕਾ ਬਾਰਾਂ'' ''ਤੇ ਮੁਕੰਮਲ ਪਾਬੰਦੀ ਲਗਾਉਣ ਵਾਲਾ ਤੀਸਰਾ ਸੂਬਾ ਬਣਿਆ ਪੰਜਾਬ
Friday, Mar 13, 2020 - 02:33 PM (IST)
ਗੁਰਦਾਸਪੁਰ (ਹਰਮਨ) : ਤੰਬਾਕੂਨੋਸ਼ੀ ਨੂੰ ਖਤਮ ਕਰਨ ਲਈ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਜਿਥੇ ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲਿਆਂ 'ਚ ਚੈਕਿੰਗ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਹੈ। ਉਸ ਦੇ ਨਾਲ ਹੀ ਕੈਪਟਨ ਸਰਕਾਰ ਨੇ ਸੂਬੇ ਅੰਦਰ ਹੁੱਕਾ ਬਾਰ ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾ ਕੇ ਨਸ਼ਾ ਵਿਰੋਧੀ ਮੁਹਿੰਮ ਅਧੀਨ ਇਕ ਹੋਰ ਫੈਸਲਾ ਵੀ ਕੀਤਾ ਹੈ। ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਭਾਵੇਂ ਨਿਰੰਤਰ ਕਾਰਜਸ਼ੀਲ ਰਹੀਆਂ ਅਤੇ ਕਈ ਥਾਵਾਂ 'ਤੇ ਕੋਟਪਾ ਐਕਟ ਦੀ ਉਲੰਘਣਾ ਤਹਿਤ ਚਲਾਨ ਕਰਨ ਦੇ ਮਾਮਲੇ ਵੀ ਸੁਰਖੀਆਂ 'ਚ ਰਹਿੰਦੇ ਸਨ ਪਰ ਦੂਜੇ ਪਾਸੇ ਹੁੱਕਾ ਬਾਰ ਦੇ ਰੂਪ ਵਿਚ ਕਈ ਲੋਕ ਸਿਗਰਟਨੋਸ਼ੀ ਤੋਂ ਵੀ ਕਈ ਗੁਣਾ ਜ਼ਿਆਦਾ ਨੁਕਸਾਨ ਕੁਝ ਹੀ ਪਲਾਂ ਵਿਚ ਕਰ ਲੈਂਦੇ ਸਨ।
ਹੁੱਕਾ ਬਾਰ ਦੇ ਆਦੀ ਕਈ ਲੋਕ ਬਾਅਦ 'ਚ ਹੋਰ ਨਸ਼ੇ ਵੀ ਅਪਣਾ ਲੈਂਦੇ ਸਨ, ਜਿਸ ਦੇ ਕਈ ਨਾਂਹਪੱਖੀ ਨਤੀਜੇ ਸਾਹਮਣੇ ਆਉਣ ਕਾਰਨ ਕੈਪਟਨ ਸਰਕਾਰ ਨੇ ਸਾਲ 2018 'ਚ ਸੂਬੇ ਅੰਦਰ ਹੁੱਕਾ ਬਾਰ ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾਉਣ ਦਾ ਇਤਿਹਾਸਕ ਫੈਸਲਾ ਵੀ ਕੀਤਾ। ਕੈਪਟਨ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਪੂਰੇ ਦੇਸ਼ ਅੰਦਰ ਤੀਸਰਾ ਅਜਿਹਾ ਸੂਬਾ ਬਣ ਗਿਆ, ਜਿਸ ਨੇ ਹੁੱਕਾ ਬਾਰ 'ਤੇ ਮੁਕੰਮਲ ਪਾਬੰਦੀ ਲਗਾ ਕੇ ਲੋਕਾਂ ਨੂੰ ਤੰਬਾਕੂ ਦੇ ਕਹਿਰ ਤੋਂ ਬਚਾਉਣ ਦਾ ਉਪਰਾਲਾ ਕੀਤਾ।
ਇਹ ਵੀ ਪੜ੍ਹੋ ► ਕੈਪਟਨ ਸਰਕਾਰ ਦੇ 3 ਸਾਲ, ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਸ ਦੀਆਂ ਵੱਡੀਆਂ ਕਾਰਵਾਈਆਂ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਟੀਚੇ ਅਧੀਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਕਾਰਜਕਾਲ ਸੰਭਾਲੇ ਜਾਣ ਤੋਂ ਬਾਅਦ ਸਿਰਫ ਤਿੰਨ ਸਾਲਾਂ ਦੇ ਵਕਫੇ ਦੌਰਾਨ ਪੰਜਾਬ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ 34,372 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 42,571 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੁਣ ਤੱਕ ਕੁੱਲ 974.15 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ ਸੂਬਾ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਅਧੀਨ ਪੰਜਾਬ ਪੁਲਸ ਵਿਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਦਾ ਵੀ ਗਠਨ ਕੀਤਾ ਗਿਆ। ਇਸੇ ਐੱਸ. ਟੀ .ਐੱਫ. ਵੱਲੋਂ ਕੀਤੀਆਂ ਕਾਰਵਾਈਆਂ ਵਿਚੋਂ ਸਭ ਤੋਂ ਵੱਡੀ ਕਾਰਵਾਈ ਅੰਮ੍ਰਿਤਸਰ ਵਿਚ ਇਸੇ ਸਾਲ ਜਨਵਰੀ ਮਹੀਨੇ ਕੀਤੀ ਗਈ। ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਵੱਡੀਆਂ ਮੱਛੀਆਂ ਤੇ ਹੋਰ ਸ਼ਿਕੰਜਾ ਕੱਸਦਿਆਂ ਐੱਸ. ਟੀ. ਐੱਫ. ਨੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਦੇ ਸੁਲਤਾਨਵਿੰਡ ਪਿੰਡ ਵਿਚਲੇ ਘਰ ਤੋਂ 197 ਕਿਲੋਗ੍ਰਾਮ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥ ਤੇ ਰਸਾਇਣਾਂ ਦੀ ਬਰਾਮਦਗੀ ਕੀਤੀ। ਇਸ ਤੋਂ ਬਾਅਦ ਅਨਵਰ ਮਸੀਹ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐੱਸ. ਟੀ. ਐੱਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਮਸੀਹ ਖ਼ਿਲਾਫ਼ ਧਾਰਾ 25 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਸਦੀ ਮਾਲਕੀ ਵਾਲੇ ਮਕਾਨ ਵਿਚ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਸੀ।
ਇਹ ਵੀ ਪੜ੍ਹੋ ► ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ
ਇਹ ਵੀ ਪੜ੍ਹੋ ► ਬਾਜਵਾ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ, 'ਸਮਾਂ ਰਹਿੰਦੇ ਹਾਲਾਤ ਸੰਭਾਲ ਲਓ' (ਵੀਡੀਓ)