ਹਨੀਪ੍ਰੀਤ ਦੀ ਮਾਸੀ ਗ੍ਰਿਫਤਾਰ, ਪੁਲਸ ਨੇ ਰੱਖਿਆ ਸੀ 1 ਲੱਖ ਦਾ ਇਨਾਮ
Tuesday, Mar 13, 2018 - 11:01 AM (IST)

ਸਿਰਸਾ — ਅਦਾਲਤ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿਰਸਾ ਵਿਚ ਹੋਈ ਹਿੰਸਾ ਦੇ ਮਾਮਲੇ 'ਚ ਪੁਲਸ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹੁਣ ਐੱਸ.ਆਈ.ਟੀ. ਨੇ ਹਨੀਪ੍ਰੀਤ ਦੀ ਕਰੀਬੀ ਗੋਲੋ ਮਾਸੀ ਨੂੰ ਸਿਰਸਾ ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਗੋਲੋ ਮਾਸੀ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਮਾਸੀ 'ਤੇ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੂੰ ਹਿੰਸਾ ਲਈ ਭੜਕਾਉਣ ਅਤੇ ਭੀੜ ਦੀ ਅਗਵਾਈ ਕਰਨ ਦਾ ਮਾਮਲਾ ਦਰਜ ਹੈ। ਲੰਮੇ ਸਮੇਂ ਤੋਂ ਫਰਾਰ ਚੱਲ ਰਹੀ ਗੋਲੋ ਮਾਸੀ ਦੇ ਰਾਮ ਰਹੀਮ ਅਤੇ ਹਨੀਪ੍ਰੀਤ ਨਾਲ ਕਾਫੀ ਨੇੜੇ ਦੇ ਸਬੰਧ ਸਨ। ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਤੋਂ ਹੀ ਗੋਲੋ ਮਾਸੀ ਫਰਾਰ ਚੱਲ ਰਹੀ ਸੀ।
ਪੁਲਸ ਅਨੁਸਾਰ ਗੋਲੋ ਮਾਸੀ ਰਾਜਸਥਾਨ ਦੀ ਰਹਿਣ ਵਾਲੀ ਹੈ। ਉਹ ਡੇਰੇ ਵਿਚ ਲੰਗਰ ਵਿਵਸਥਾ ਦੇਖਦੀ ਸੀ। ਮਾਸੀ ਅਤੇ ਉਸਦੇ ਭਾਂਜੇ ਗੁਰੂਦੱਤ ਨੇ 25 ਅਗਸਤ ਨੂੰ ਭੜਕਾਊ ਭਾਸ਼ਣ ਦੇ ਕੇ ਸਮਰਥਕਾਂ ਨੂੰ ਅੱਗ ਲਗਾਉਣ ਅਤੇ ਹਿੰਸਾ ਕਰਨ ਲਈ ਭੜਕਾਇਆ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਪੁਲਸ ਨੇ ਗੋਲੋ ਮਾਸੀ ਦੇ ਭਾਂਜੇ ਨੂੰ ਗ੍ਰਿਫਤਾਰ ਕਰ ਲਿਆ ।