ਹੁਣ ਹਨੀਪ੍ਰੀਤ ਦੇ ਰਾਜ਼ਦਾਰ ਤੋਂ ਸੱਚ ਜਾਣੇਗੀ ਪੁਲਸ
Sunday, Oct 08, 2017 - 07:33 AM (IST)
ਚੰਡੀਗੜ੍ਹ/ਪੰਚਕੁਲਾ (ਅਵਿਨਾਸ਼, ਚੰਦਨ) - ਡੇਰਾ ਮੁਖੀ ਦੀ ਰਾਜ਼ਦਾਰ ਅਤੇ ਪੰਚਕੂਲਾ ਹਿੰਸਾ ਦੀ ਸਾਜ਼ਿਸ਼ਕਰਤਾ ਹਨੀਪ੍ਰੀਤ ਦੇ ਕਾਰਨਾਮਿਆਂ ਤਕ ਪਹੁੰਚਣ ਲਈ ਹੁਣ ਐੱਸ. ਆਈ. ਟੀ. ਨੇ ਉਸ ਦੇ ਰਾਜ਼ਦਾਰ ਰਾਕੇਸ਼ ਅਰੋੜਾ ਨੂੰ ਜ਼ਰੀਆ ਬਣਾਇਆ।
ਐੱਸ. ਆਈ. ਟੀ. ਨੂੰ ਰਾਕੇਸ਼ ਰਾਹੀਂ ਹਨੀਪ੍ਰੀਤ ਸੰਬੰਧੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਸੂਤਰਾਂ ਦੀ ਮੰਨੀਏ ਤਾਂ 25 ਅਗਸਤ ਨੂੰ ਹਿੰਸਾ ਸੰਬੰਧੀ ਰਾਕੇਸ਼ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਇਹੀ ਕਾਰਨ ਹੈ ਕਿ ਪੁਲਸ ਨੇ ਸ਼ਨੀਵਾਰ ਨੂੰ ਪੰਚਕੂਲਾ ਕੋਰਟ ਤੋਂ ਰਾਕੇਸ਼ ਦਾ 3 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਹੈ। ਰਾਕੇਸ਼ ਪੰਜਾਬ ਦੇ ਸੰਗਰੂਰ ਦਾ ਰਹਿਣ ਵਾਲਾ ਹੈ। ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਦਿਤਿਆ ਤੇ ਪਵਨ ਇੰਸਾਂ ਦੀ ਗ੍ਰਿਫਤਾਰੀ ਦੇ ਚਾਂਸ ਵਧ ਗਏ ਹਨ ਅਤੇ ਉਨ੍ਹਾਂ ਦੇ ਕਈ ਟਿਕਾਣਿਆਂ 'ਤੇ ਪੁਲਸ ਵਲੋਂ ਛਾਪੇਮਾਰੀ ਵੀ ਕੀਤੀ ਗਈ ਪਰ ਉਹ ਫਰਾਰ ਹੋ ਗਏ ਸਨ। ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਆਦਿਤਿਆ ਤੇ ਪਵਨ ਜਲਦੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।
ਪੰਚਕੂਲਾ ਹਿੰਸਾ 'ਚ ਸਸਪੈਂਡ ਆਈ. ਪੀ. ਐੱਸ. ਬਹਾਲ
ਹਰਿਆਣਾ ਸਰਕਾਰ ਨੇ ਆਈ. ਪੀ. ਐੱਸ. ਅਧਿਕਾਰੀ ਅਸ਼ੋਕ ਕੁਮਾਰ ਨੂੰ ਤੁਰੰਤ ਬਹਾਲ ਕਰ ਦਿੱਤਾ ਹੈ। ਅਸ਼ੋਕ ਨੂੰ ਬੀਤੀ 25 ਅਗਸਤ ਨੂੰ ਪੰਚਕੂਲਾ ਹਿੰਸਾ ਵਿਚ ਲਾਪ੍ਰਵਾਹੀ ਕਾਰਨ ਸਸਪੈਂਡ ਕੀਤਾ ਗਿਆ ਸੀ। ਹਿੰਸਾ ਦੌਰਾਨ ਅਸ਼ੋਕ ਕੁਮਾਰ ਪੰਚਕੂਲਾ ਦੇ ਡੀ. ਸੀ. ਪੀ. ਸਨ। ਸਰਕਾਰ ਨੇ ਅਸ਼ੋਕ ਕੁਮਾਰ ਖਿਲਾਫ ਵਿਭਾਗੀ ਕਾਰਵਾਈ ਦਾ ਅੰਤਿਮ ਫੈਸਲਾ ਅਜੇ ਪੈਂਡਿੰਗ ਰੱਖਿਆ ਹੈ।
ਰਾਮ ਰਹੀਮ ਦੀ ਅਪੀਲ 'ਤੇ ਸੁਣਵਾਈ ਕਲ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੀ. ਬੀ. ਆਈ. ਕੋਰਟ ਦੇ ਫੈਸਲੇ ਖਿਲਾਫ ਅਪੀਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਰਜਿਸਟਰੀ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਰਜਿਸਟਰੀ ਨੇ ਦਾਇਰ ਅਪੀਲ ਵਿਚ ਕਮੀ ਦੱਸਦੇ ਹੋਏ ਇਸ ਨੂੰ ਦੁਬਾਰਾ ਫਾਈਲ ਕਰਨ ਲਈ ਕਿਹਾ ਸੀ। ਗੁਰਮੀਤ ਦੀ ਅਪੀਲ 'ਤੇ ਸੁਣਵਾਈ 9 ਅਕਤੂਬਰ ਨੂੰ ਹਾਈਕੋਰਟ ਬੈਂਚ ਵਿਚ ਹੋਵੇਗੀ।
ਪੁਲਸ ਨੇ ਮੀਡੀਆ ਨੂੰ ਭੰਬਲਭੂਸੇ 'ਚ ਪਾਇਆ
ਹਨੀਪ੍ਰੀਤ ਨੂੰ ਸਿਰਸਾ ਲਿਆਉਣ ਦੀ ਸੂਚਨਾ ਨਾਲ ਮੀਡੀਆ ਕਰਮਚਾਰੀਆਂ ਨੂੰ ਸਾਰਾ ਦਿਨ ਭੱਜ-ਦੌੜ ਕਰਨੀ ਪਈ ਪਰ ਹਨੀਪ੍ਰੀਤ ਨਹੀਂ ਆਈ। ਇਥੋਂ ਦੀ ਪੁਲਸ ਨੇ ਵੀ ਮੀਡੀਆ ਨੂੰ ਭੰਬਲਭੂਸੇ ਵਿਚ ਪਾਈ ਰੱਖਿਆ। ਘੰਟਿਆਂ ਤਕ ਇੰਤਜ਼ਾਰ ਕਰਾਉਣ ਤੋਂ ਬਾਅਦ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਹਨੀਪ੍ਰੀਤ ਨੂੰ ਲੈ ਕੇ ਪੰਚਕੂਲਾ ਪੁਲਸ ਸਿਰਸਾ ਨਹੀਂ ਆ ਰਹੀ। ਉਸ ਨੂੰ ਉਥੋਂ ਦੇ ਸੈਕਟਰ 23 ਥਾਣੇ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
