ਹਨੀਪ੍ਰੀਤ ਦੇ ਸਾਬਕਾ ਪਤੀ ਤੇ ਸਹੁਰੇ ਨੇ ਮੰਗੀ ਹਾਈਕੋਰਟ ਤੋਂ ਸੁਰੱਖਿਆ

Thursday, Oct 05, 2017 - 03:53 AM (IST)

ਹਨੀਪ੍ਰੀਤ ਦੇ ਸਾਬਕਾ ਪਤੀ ਤੇ ਸਹੁਰੇ ਨੇ ਮੰਗੀ ਹਾਈਕੋਰਟ ਤੋਂ ਸੁਰੱਖਿਆ

ਚੰਡੀਗੜ੍ਹ(ਬਰਜਿੰਦਰ)-ਗੁਰਮੀਤ ਰਾਮ ਰਹੀਮ ਮਾਮਲੇ ਵਿਚ ਹਨੀਪ੍ਰੀਤ ਕੌਰ ਉਰਫ਼ ਪ੍ਰਿਯੰਕਾ ਤਨੇਜਾ ਦੇ ਸਾਬਕਾ ਪਤੀ ਕਰਨਾਲ ਨਿਵਾਸੀ ਵਿਸ਼ਵਾਸ ਗੁਪਤਾ ਤੇ ਉਨ੍ਹਾਂ ਦੇ ਪਿਤਾ ਮੋਹਿੰਦਰ ਪਾਲ ਗੁਪਤਾ ਨੇ ਇਕ ਪਟੀਸ਼ਨ ਦਾਇਰ ਕਰ ਕੇ ਖੁਦ ਨੂੰ ਮਾਮਲੇ ਵਿਚ ਪਾਰਟੀ ਬਣਾਉਣ ਦੀ ਮੰਗ ਕੀਤੀ ਹੈ। ਦੋਵਾਂ ਨੇ ਹਾਈਕੋਰਟ ਵਿਚ ਆਪਣੀ ਸੁਰੱਖਿਆ ਦੀ ਮੰਗ ਰੱਖੀ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਹਾਈਕੋਰਟ ਵਿਚ ਮੁੱਖ ਪਟੀਸ਼ਨ 'ਤੇ ਸੁਣਵਾਈ ਹੈ। ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ਵਿਚ ਡੇਰਾ ਤੇ ਉਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਉਸ ਤੋਂ ਬਾਅਦ ਡੇਰਾ ਮੁਖੀ ਦੇ ਸਮਰਥਕਾਂ ਨੇ ਸਾਨੂੰ ਪਿਤਾ-ਪੁੱਤਰ ਨੂੰ ਧਮਕਾਇਆ। ਡੇਰਾ ਦੇ ਕੁਰਬਾਨੀ ਗੈਂਗ ਵਲੋਂ ਲਿਖੇ ਪੱਤਰਾਂ ਦਾ ਹਵਾਲਾ ਦਿੰਦਿਆਂ ਵਿਸ਼ਵਾਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਜਿਸ ਸਬੰਧੀ ਐੱਸ. ਪੀ. ਕਰਨਾਲ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਅਜਿਹੇ ਵਿਚ ਹਾਈਕੋਰਟ ਤੋਂ ਮੰਗ ਕੀਤੀ ਗਈ ਕਿ ਕੁਰਬਾਨੀ ਗੈਂਗ ਦੇ ਇਸ ਧਮਕੀ ਭਰੇ ਪੱਤਰ ਨੂੰ ਭੇਜਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇ ਤੇ ਮਾਮਲਾ ਜਾਂਚ ਲਈ ਐੱਸ. ਆਈ. ਟੀ. ਨੂੰ ਸੌਂਪਿਆ ਜਾਵੇ। ਇਸ ਸਬੰਧੀ ਹਾਈਕੋਰਟ ਕੋਲ ਪੁਲਸ/ਸਰਕਾਰੀ ਅਥਾਰਟੀ ਨੂੰ ਉਚਿਤ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਸ਼ਵਾਸ ਦਾ 1999 ਵਿਚ ਹਨੀਪ੍ਰੀਤ ਨਾਲ ਵਿਆਹ ਹੋਇਆ ਸੀ ਤੇ 2009 ਵਿਚ ਉਸ ਨੂੰ ਰਾਮ ਰਹੀਮ ਨੇ ਗੋਦ ਲਿਆ ਸੀ। ਵਿਸ਼ਵਾਸ ਤੇ ਉਸ ਦੇ ਪਿਤਾ ਦੋਵੇਂ ਗੁਰਮੀਤ ਰਾਮ ਰਹੀਮ ਦੇ ਭਗਤ ਸਨ। ਸਾਲ 2009 ਤੋਂ 2011 ਤੱਕ ਵਿਸ਼ਵਾਸ ਡੇਰੇ ਦੇ ਸੁਰੱਖਿਆ ਇੰਚਾਰਜ ਸਨ। ਅਰਜ਼ੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਨੂੰ ਡੇਰੇ ਵਿਚ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਦਾ ਪਤਾ ਲੱਗ ਗਿਆ ਸੀ। ਵਿਸ਼ਵਾਸ ਮੁਤਾਬਿਕ ਇਕ ਦਿਨ ਉਸ ਨੇ ਗੁਫ਼ਾ ਵਿਚ ਬਾਬਾ ਤੇ ਹਨੀਪ੍ਰੀਤ ਨੂੰ ਇਤਰਾਜ਼ਯੋਗ ਸਥਿਤੀ ਵਿਚ ਦੇਖ ਲਿਆ ਸੀ। ਡੇਰਾ ਪ੍ਰਮੁੱਖ ਨੇ ਵਿਸ਼ਵਾਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਾਈਕੋਰਟ ਵਿਚ ਸਾਲ 2011 ਵਿਚ ਵਿਸ਼ਵਾਸ ਨੇ ਆਪਣੀ ਜ਼ਿੰਦਗੀ ਤੇ ਆਜ਼ਾਦੀ ਦੀ ਸੁਰੱਖਿਆ ਮੰਗੀ ਸੀ, ਜਿਸ ਦੇ ਬਾਵਜੂਦ ਉਨ੍ਹਾਂ ਖਿਲਾਫ਼ ਝੂਠੇ ਕੇਸ ਦਰਜ ਕਰਵਾਏ ਗਏ।


Related News