ਘਰ 'ਚ ਹੋਈ ਲੱਖਾਂ ਦੀ ਚੋਰੀ ਨੂੰ ਲੈ ਕੇ ਮੱਕੜ ਤੇ ਮੋਨੂੰ ਪੁਰੀ ਹੋਏ ਆਹਮੋ-ਸਾਹਮਣੇ, DGP ਤੱਕ ਪੁੱਜਾ ਮਾਮਲਾ
Monday, Aug 01, 2022 - 12:59 PM (IST)
ਜਲੰਧਰ (ਸ਼ੋਰੀ)- ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਭੁਪਿੰਦਰ ਸਿੰਘ ਮੱਕੜ ਵੱਲੋਂ ਭਾਜਪਾ ਨੇਤਾ ਮੋਨੂੰ ਪੁਰੀ ਖ਼ਿਲਾਫ਼ ਦਰਜ ਕਰਵਾਈ ਐੱਫ਼. ਆਈ. ਆਰ. ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਪੁਰੀ ਦਾ ਦੋਸ਼ ਹੈ ਕਿ ਭੁਪਿੰਦਰ ਸਿੰਘ ਮੱਕੜ ਨੇ ਆਪਣੀ ਰਾਜਨੀਤਕ ਪਹੁੰਚ ਦੀ ਗਲਤ ਵਰਤੋਂ ਕਰਦਿਆਂ ਉਸ ’ਤੇ ਥਾਣਾ ਭਾਰਗੋ ਕੈਂਪ ’ਚ ਝੂਠਾ ਮਾਮਲਾ ਦਰਜ ਕਰਵਾਇਆ ਹੈ, ਜਦਕਿ ਉਸ ਦੇ ਘਰ ਨੂੰ ਇਹ ਥਾਣਾ ਲੱਗਦਾ ਹੀ ਨਹੀਂ। ਉਸ ਨੇ ਇਹ ਪੂਰਾ ਮਾਮਲਾ ਡੀ. ਜੀ. ਪੀ. ਦੇ ਧਿਆਨ ’ਚ ਲਿਆਂਦਾ ਹੈ। ਡੀ. ਜੀ. ਪੀ. ਨੇ ਪੁਲਸ ਕਮਿਸ਼ਨਰ ਨੂੰ ਕੇਸ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਮੋਨੂੰ ਪੁਰੀ ਪੁੱਤਰ ਰਮੇਸ਼ ਕੁਮਾਰ ਵਾਸੀ 103 ਕਾਜ਼ੀ ਮੁਹੱਲਾ ਨੇ ਦੱਸਿਆ ਕਿ ਭੁਪਿੰਦਰ ਸਿੰਘ ਮੱਕੜ ਨੇ ਪੁਲਸ ਨੂੰ ਆਪਣੇ ਬਿਆਨਾਂ ’ਚ ਕਿਹਾ ਕਿ ਉਹ ਉਸ ਦਾ ਦੋਸਤ ਹੈ ਅਤੇ 16 ਜੁਲਾਈ ਨੂੰ ਮੱਕੜ ਖੁਰਲਾ ਕਿੰਗਰਾ ਸਥਿਤ ਆਪਣੇ ਘਰ ਮੌਜੂਦ ਸੀ। ਮੋਨੂੰ ਪੁਰੀ ਉਸ ਦੇ ਘਰ ਚਾਹ ਪੀਣ ਲਈ ਆਇਆ। ਇਸ ਦੌਰਾਨ ਉਸ ਪਤਾ ਲੱਗਾ ਕਿ ਉਸ ਦੀ ਭੈਣ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਆਨਨ-ਫਾਨਨ ’ਚ ਆਪਣੀ ਪਤਨੀ ਨਾਲ ਭੈਣ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਚਲਾ ਗਿਆ। ਦਫ਼ਤਰ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਘਰ ’ਚੋਂ ਲਾਕਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਵਿਚ ਪਏ 50 ਲੱਖ ਰੁਪਏ ਅਤੇ ਡਾਇਮੰਡ ਦੇ ਗਹਿਣੇ ਗਾਇਬ ਸਨ। ਮੱਕੜ ਦੇ ਮੁਤਾਬਕ ਉਸ ਨੇ ਸਾਮਾਨ ਚੋਰੀ ਕੀਤਾ ਹੈ। ਪੁਲਸ ਵੀ ਇਸ ਮਾਮਲੇ ਵਿਚ ਬੈਕਫੁਟ 'ਤੇ ਵਿਖਾਈ ਦੇ ਰਹੀ ਹੈ। ਫਿਲਹਾਲ ਅਜੇ ਤੱਕ ਜੋ ਵੀ ਜਾਣਕਾਰੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ, ਉਨ੍ਹਾਂ ਦੇ ਮੁਤਾਬਕ ਮਾਮਲਾ 50 ਲੱਖ ਦਾ ਨਹੀਂ ਸਗੋਂ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਹੈ।
ਇਹ ਵੀ ਪੜ੍ਹੋ: ਬਰਸਾਤ ਨੇ ਵਧਾਇਆ ਭਾਖੜਾ ਡੈਮ 'ਚ ਪਾਣੀ ਦਾ ਪੱਧਰ, ਪਿਛਲੇ ਸਾਲ ਦੇ ਮੁਕਾਬਲੇ 19.71 ਫੁੱਟ ਤੋਂ ਰਿਹਾ ਵੱਧ
ਪ੍ਰਾਪਟੀ ਦੇ ਕਾਗਜ਼ ਵਾਪਸ ਕਰਨ ਲਈ ਕਿਹਾ ਤਾਂ ਮੱਕੜ ਨੇ ਰਚੀ ਸਾਜ਼ਿਸ਼ : ਮੋਨੂੰ ਪੁਰੀ
ਮੋਨੂੰ ਪੁਰੀ ਨੇ ਕਿਹਾ ਕਿ ਆਪਣੇ ਘਰ ’ਚ ਇੰਨੀ ਰਕਮ ਅਤੇ ਮਹਿੰਗੇ ਗਹਿਣੇ ਕੌਣ ਰੱਖਦਾ ਹੈ ਅਤੇ ਉਹ ਵੀ ਬਿਨਾਂ ਤਾਲੇ ਤੋਂ। ਦਰਅਸਲ ਸੱਚਾਈ ਇਹ ਹੈ ਕਿ ਸਾਲ 2016 ’ਚ ਉਸ ਨੇ ਭੁਪਿੰਦਰ ਸਿੰਘ ਮੱਕੜ ਤੋਂ 30 ਲੱਖ ਰੁਪਏ ਵਿਆਜ ’ਤੇ ਲਏ ਸਨ। ਇਸ ਦੀ ਅਮਾਨਤ ਵਜੋਂ ਉਸ ਨੇ ਮੱਕੜ ਨੂੰ ਚੈੱਕ ਅਤੇ ਪ੍ਰਾਪਰਟੀ ਦੇ ਕਾਗਜ਼ਾਤ ਦਿੱਤੇ ਸਨ। ਮੋਨੂੰ ਦਾ ਕਹਿਣਾ ਸੀ ਕਿ ਉਹ ਮੱਕੜ ਨੂੰ ਸਾਰੇ ਪੈਸੇ ਵਾਪਸ ਕਰ ਚੁੱਕਾ ਹੈ। ਹੁਣ ਜਦੋਂ ਉਸ ਨੇ ਆਪਣੀ ਪ੍ਰਾਪਰਟੀ ਦੇ ਕਾਗਜ਼ ਵਾਪਸ ਮੰਗੇ ਤਾਂ ਮੱਕੜ ਟਾਲ-ਮਟੋਲ ਕਰਨ ਲੱਗਾ ਅਤੇ ਸਾਜ਼ਿਸ਼ ਰਚ ਕੇ ਇਸ ਦੇ ਬਾਅਦ ਪੁਲਸ ਨੂੰ ਝੂਠੀ ਸ਼ਿਕਾਇਤ ਦੇ ਕੇ ਉਸ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ।
ਜਿਸ ਦਿਨ ਦੀ ਘਟਨਾ ਦੱਸੀ ਜਾ ਰਹੀ ਹੈ ਉਹ ਸੁਲਤਾਨਪੁਰ ਲੋਧੀ ’ਚ ਸੀ
ਮੋਨੂੰ ਪੁਰੀ ਨੇ ਕਿਹਾ ਕਿ ਮੱਕੜ ਦਾਅਵਾ ਹੈ ਕਿ ਉਹ ਉਸ ਦੇ ਘਰ ਚਾਹ ਪੀਣ ਆਇਆ ਸੀ, ਜਦਕਿ ਉਸ ਦਿਨ ਉਹ ਕੰਮ ਦੇ ਸਿਲਸਿਲੇ ’ਚ ਸੁਲਤਾਨਪੁਰ ਲੋਧੀ ਗਿਆ ਹੋਇਆ ਸੀ। ਮੱਕੜ ਨੂੰ ਸਾਰੇ ਪੈਸੇ ਦੇਣ ਦੇ ਬਾਵਜੂਦ ਉਹ 50 ਲੱਖ ਬਣਾਈ ਬੈਠਾ ਹੈ। ਪੁਲਸ ਅਧਿਕਾਰੀਆਂ ਨਾਲ ਉਸ ਦੀ ਗੱਲਬਾਤ ਵੀ ਹੋਈ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਸ ਖ਼ਿਲਾਫ਼ ਦਰਜ ਝੂਠੇ ਕੇਸ ਨੂੰ ਪੁਲਸ ਜਾਂਚ ਕਰਨ ਦੇ ਨਾਲ ਨਾਲ ਰੱਦ ਵੀ ਕਰੇਗੀ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ, ਪੁਲਸ ਦੇ ਵੱਡੇ ਅਫ਼ਸਰਾਂ ਨੇ ਵੀ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ
ਕਈ ਜਾਂਚ ਪਹਿਲੂਆ ’ਤੇ ਕੰਮ ਕਰ ਰਹੀ ਹੈ ਪੁਲਸ
ਉੱਥੇ ਥਾਣਾ ਭਾਰਗੋ ਕੈਂਪ ਦੇ ਇੰਸ. ਗਗਨਦੀਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਮੋਨੂੰ ਪੁਰੀ ਦੀ ਮੋਬਾਇਲ ਲੋਕੇਸ਼ਨ ਕੱਢਣ ਦੇ ਨਾਲ ਨਾਲ ਪੁਲਸ ਕਈ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਪੁਰੀ ਰਿਪੋਰਟ ਬਣਾ ਕੇ ਉਹ ਆਪਣੇ ਸੀਨੀ. ਪੁਲਸ ਅਧਿਕਾਰੀਆਂ ਨੂੰ ਦੇਣਗੇ।
ਮੈਂ ਗਲਤ ਐੱਫ਼. ਆਈ. ਆਰ. ਦਰਜ ਨਹੀਂ ਕਰਵਾਈ : ਮੱਕੜ
ਦੂਜੇ ਪਾਸੇ ਭੁਪਿੰਦਰ ਸਿੰਘ ਮੱਕੜ ਨੇ ਖ਼ੁਦ ’ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਸ ਦੇ ਘਰ ’ਚ ਮੋਨੂੰ ਪੁਰੀ ਨੇ ਹੀ ਚੋਰੀ ਕੀਤੀ ਹੈ ਅਤੇ ਉਹ ਹੁਣ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਗੁੰਮਰਾਹ ਕਰ ਰਿਹਾ ਹੈ, ਜੇਕਰ ਪੁਲਸ ਨੇ ਕੇਸ ਰੱਦ ਕੀਤਾ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਪੂਰੀ ਰਾਜਨੀਤਕ ਪਹੁੰਚ ਦਾ ਲਾਭ ਲੈ ਕੇ ਪੁਲਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ’ਚ ਹਨ।
ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ