ਨਵਾਂਸ਼ਹਿਰ: ਐੱਨ. ਆਰ. ਆਈ. ਪਤੀ ਨੇ ਘਰ ਨੂੰ ਲਗਾਈ ਅੱਗ
Tuesday, Aug 07, 2018 - 03:48 PM (IST)

ਨਵਾਂਸ਼ਹਿਰ (ਤ੍ਰਿਪਾਠੀ) —ਐੱਨ. ਆਰ. ਆਈ. ਪਤੀ ਵੱਲੋਂ ਘਰਵਾਲੀ ਦੀ ਕੁੱਟ-ਮਾਰ ਕਰ ਕੇ ਘਰ ਦੇ ਕੀਮਤੀ ਸਾਮਾਨ ਨੂੰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਜ਼ਦੀਕੀ ਪਿੰਡ ਭੀਣ ਵਾਸੀ ਪਰਮਜੀਤ ਕੌਰ (42) ਨੇ ਦੱਸਿਆ ਕਿ ਉਹ ਘਰੇਲੂ ਕੰਮਕਾਜ ਕਰਦੀ ਹੈ। ਉਸ ਦਾ ਵਿਆਹ 1998 ਵਿਚ ਭੀਣ ਵਾਸੀ ਬਲਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ।
ਇਟਲੀ ਜਾਣ 'ਤੇ ਵੀ ਨਹੀਂ ਬਦਲਿਆ ਪਤੀ ਦਾ ਸੁਭਾਅ
ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ 2 ਬੱਚੇ ਹਨ, ਜਿਨ੍ਹਾਂ 'ਚ ਵੱਡੀ ਲੜਕੀ 19 ਸਾਲ ਅਤੇ ਉਸ ਤੋਂ ਛੋਟਾ ਲੜਕਾ 17 ਸਾਲ ਦਾ ਹੈ, ਜੋ ਕਿ ਪੜ੍ਹਾਈ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ (ਇਟਲੀ) ਚਲਾ ਗਿਆ ਸੀ ਅਤੇ ਸਾਲ 2013 ਵਿਚ ਇੰਡੀਆ ਆਇਆ ਪਰ ਉਸ ਦੀ ਆਦਤ ਪਹਿਲਾਂ ਵਾਂਗ ਹੀ ਰਹੀ ਅਤੇ ਉਹ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਬਾਅਦ 'ਚ ਉਹ ਵਿਦੇਸ਼ ਚਲਾ ਗਿਆ ਅਤੇ ਮੁੜ 2015 'ਚ ਵਾਪਸ ਆਇਆ ਪਰ ਆਪਣੀਆਂ ਹਰਕਤਾਂ ਬੰਦ ਨਹੀਂ ਕੀਤੀਆਂ।
ਫੈਮਿਲੀ ਕੋਰਟ 'ਚ ਦਰਜ ਹੈ ਸ਼ਿਕਾਇਤ
ਪਰਮਜੀਤ ਨੇ ਦੱਸਿਆ ਕਿ ਕਲੇਸ਼ ਅਤੇ ਕੁੱਟਮਾਰ ਦੇ ਕਾਰਨ ਉਸ ਨੇ ਫੈਮਿਲੀ ਕੋਰਟ ਵਿਚ ਆਪਣੇ ਪਤੀ ਖਿਲਾਫ ਸ਼ਿਕਾਇਤ ਦੇ ਦਿੱਤੀ, ਜਿਸ 'ਤੇ ਕੋਰਟ ਨੇ ਪਤੀ ਨੂੰ ਖਰਚਾ ਦੇਣ ਅਤੇ ਜ਼ਮੀਨ 'ਤੇ ਸਟੇਅ ਆਰਡਰ ਦੇ ਹੁਕਮ ਦਿੱਤੇ ਸਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਹੁਣ ਜਨਵਰੀ 2018 ਵਿਚ ਵਾਪਸ ਆਇਆ ਅਤੇ ਮੁੜ ਤੋਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਤੰਗ ਆ ਕੇ ਹੀ ਪੇਕੇ ਘਰ ਚਲੀ ਗਈ ਸੀ ਅਤੇ 20 ਜੁਲਾਈ ਨੂੰ ਵਾਪਸ ਆਈ।
ਇੰਝ ਦਿੱਤਾ ਘਟਨਾ ਨੂੰ ਅੰਜਾਮ ਉਸ ਨੇ ਦੱਸਿਆ ਕਿ ਬੀਤੇ ਐਤਵਾਰ ਨੂੰ ਵੀ ਉਸ ਦੇ ਪਤੀ ਨੇ ਉਸ ਨਾਲ ਕਲੇਸ਼ ਕੀਤਾ ਅਤੇ ਇਸ ਦੌਰਾਨ ਉਸ ਦੇ ਕੁਝ ਰਿਸ਼ਤੇਦਾਰ ਤੇ ਪਿੰਡ ਦੇ ਵਿਅਕਤੀ ਵੀ ਸਾਥ ਦੇ ਰਹੇ ਸਨ। ਬਾਅਦ ਦੁਪਹਿਰ ਜਦੋਂ ਬੱਚੇ ਸਕੂਲ ਪੜ੍ਹਨ ਗਏ ਸਨ ਤਾਂ ਉਸ ਦੇ ਪਤੀ ਨੇ ਘਰ ਵਿਚ ਪਹਿਲਾਂ ਤੋਂ ਲਿਆ ਕੇ ਰੱਖੀ 5 ਲਿਟਰ ਮਿੱਟੀ ਦੇ ਤੇਲ ਦੀ ਕੇਨੀ ਨਾਲ ਸਾਰੇ ਘਰ ਵਿਚ ਛਿੜਕਾਅ ਕਰ ਕੇ ਸਾਮਾਨ ਨੂੰ ਅੱਗ ਲਾ ਦਿੱਤੀ। ਉਸ ਦੇ ਰੌਲਾ ਪਾਉਣ 'ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਹ ਉੱਥੋਂ ਭੱਜ ਗਏ। ਪਿੰਡ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ।
ਕੀ ਕਹਿੰਦੇ ਹਨ ਐੱਸ. ਐੱਚ. ਓ. ਸੁਭਾਸ਼ ਬਾਠ
ਇਸ ਸਬੰਧੀ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਪਰਮਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਪਤੀ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਇਸ ਮਾਮਲੇ 'ਚ ਕਿਸੇ ਹੋਰ ਵਿਅਕਤੀ ਦੀ ਭਾਗੇਦਾਰੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ।