ਚੰਡੀਗੜ੍ਹ : ''ਹੋਲੀ'' ''ਤੇ ਕਿਸੇ ਦੇ ਆਂਡੇ ਮਾਰੇ ਤਾਂ ਖੈਰ ਨਹੀਂ
Wednesday, Mar 20, 2019 - 10:05 AM (IST)

ਚੰਡੀਗੜ੍ਹ (ਸੁਸ਼ੀਲ) : ਹੋਲੀ ਦੇ ਤਿਉਹਾਰ 'ਤੇ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਸ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰੇਗੀ। ਇਸ ਦੌਰਾਨ ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ. ਯੂ. 'ਚ ਆਂਡੇ ਮਾਰ ਕੇ ਨੌਜਵਾਨ ਹੋਲੀ ਖੇਡਦੇ ਹਨ। ਆਂਡੇ ਮਾਰਨ ਨਾਲ ਜ਼ਖਮੀਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਚੰਡੀਗੜ੍ਹ ਪੁਲਸ ਨੇ ਹੋਲੀ ਦੇ ਤਿਉਹਾਰ 'ਤੇ ਸੁਰੱਖਿਆ ਵਜੋਂ ਸ਼ਹਿਰ 'ਚ 860 ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਰੇਸ ਡਰਾਈਵਿੰਗ ਅਤੇ ਛੇੜਛਾੜ ਕਰਨ ਵਾਲਿਆਂ 'ਤੇ ਸਖਤ ਨਜ਼ਰ ਰੱਖੇਗੀ। ਇਸ ਲਈ ਸਿਵਲ ਡਰੈੱਸ 'ਚ ਮਹਿਲਾ ਪੁਲਸ ਕਰਮਚਾਰੀ ਤਾਇਨਾਤ ਕੀਤੀਆਂ ਜਾਣਗੀਆਂ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੜਦੰਗ ਮਚਾਉਣ ਵਾਲਿਆਂ ਨੂੰ ਫੜ੍ਹਨ ਲਈ ਟ੍ਰੈਫਿਕ ਪੁਲਸ ਸੈਕਟਰਾਂ ਤੇ ਮਾਰਕਿਟ ਦੇ ਬਾਹਰ ਨਾਕੇ ਲਾਵੇਗੀ।
ਇਸ ਤਿਓਹਾਰ 'ਤੇ 6 ਡੀ. ਐੱਸ. ਪੀਜ਼. ਸਮੇਤ 860 ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਕੀਤੇ ਜਾਣਗੇ। ਇਨ੍ਹਾਂ 'ਚੋਂ 26 ਥਾਣਾ ਪ੍ਰਭਾਰੀ ਤੇ ਇੰਸਪੈਕਟਰ, 672 ਐੱਸ. ਆਈ. ਅਤੇ ਏ. ਐੱਸ. ਆਈ., 156 ਲੇਡੀ ਪੁਲਸ ਤਾਇਨਾਤ ਹੋਣਗੀਆਂ। ਤਿਉਹਾਰ 'ਤੇ ਚੰਡੀਗੜ੍ਹ ਪੁਲਸ ਪੂਰੇ ਸ਼ਹਿਰ 'ਚ ਨਾਕੇਬੰਦੀ ਕਰਕੇ ਹੜਦੰਗ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸੇਗੀ। ਟ੍ਰੈਫਿਕ ਤੇ ਥਾਣਾ ਪੁਲਸ ਕੁੱਲ 64 ਨਾਕੇ ਸਵੇਰੇ 9 ਵਜੇ ਲਗਾਵੇਗੀ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਵਾਹਨ ਵੀ ਜ਼ਬਤ ਕੀਤੇ ਜਾਣਗੇ।