ਚੱਕਦਾਨਾ ਨੇੜੇ ਵਾਹਨਾਂ ਦੀ ਭਿਆਨਕ ਟੱਕਰ, ਟਰੈਕਟਰ ਦੇ ਹੋਏ ਦੋ ਟੁਕੜੇ
Thursday, Apr 30, 2026 - 05:46 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)-ਨਵਾਂਸ਼ਹਿਰ-ਫਿਲੌਰ ਸੜਕ ’ਤੇ ਪੈਂਦੇ ਪਿੰਡ ਚੱਕਦਾਨਾ ਨੇੜੇ ਬੀਤੀ ਰਾਤ ਇਕ ਟਰੈਕਟਰ-ਟਰਾਲੀ ਅਤੇ ਮਹਿੰਦਰਾ ਪਿੱਕਅਪ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ, ਜਦਕਿ ਮਹਿੰਦਰਾ ਪਿੱਕਅਪ ਗੱਡੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਦੋਵੇਂ ਵਾਹਨਾਂ ਦੇ ਚਾਲਕਾਂ ਨੂੰ ਸੱਟਾਂ ਵੱਜੀਆਂ ਪਰ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮਹਿੰਦਰਾ ਪਿੱਕਅਪ ਜਲੰਧਰ ਤੋਂ ਕੋਲਡ ਡਰਿੰਕਸ ਲੈ ਕੇ ਕਸਬਾ ਔੜ ਵਿਚ ਇਕ ਦੁਕਾਨ ’ਤੇ ਉਤਾਰਣ ਲਈ ਜਾ ਰਹੀ ਸੀ। ਜਦੋਂ ਇਹ ਗੱਡੀ ਰਾਤ ਕਰੀਬ 9 ਵਜੇ ਚੱਕਦਾਨਾ ਨੇੜੇ ਮੋਰਲੈਂਡ ਪੈਲਸ ਚੱਕਦਾਨਾ ਕੋਲ ਪਹੁੰਚੀ, ਉਸ ਸਮੇਂ ਇਕ ਟਰੈਕਟਰ-ਟਰਾਲੀ ਮਿੱਟੀ ਉਤਾਰਣ ਲਈ ਸੜਕ ਨਾਲ ਲੱਗਦੇ ਇਕ ਪਲਾਟ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਟਰਾਲੀ ਦਾ ਕੁਝ ਹਿੱਸਾ ਸੜਕ 'ਚ ਹੋਣ ਕਾਰਨ ਸਾਹਮਣੇ ਤੋਂ ਆ ਰਹੀ ਪਿੱਕਅਪ ਗੱਡੀ ਨਾਲ ਉਸ ਦੀ ਟੱਕਰ ਹੋ ਗਈ।
ਇਹ ਵੀ ਪੜ੍ਹੋ: ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ? ISI ਦੀ ਛਤਰ-ਛਾਇਆ ਹੇਠ ਵੱਡੀ ਸਾਜ਼ਿਸ਼: 4 ਮਹੀਨੇ, 2 ਧਮਾਕੇ
ਟਰੈਕਟਰ ਚਾਲਕ ਲਖਵੀਰ ਸਿੰਘ ਵਾਸੀ ਬਖਲੌਰ ਨੇ ਦੱਸਿਆ ਕਿ ਉਹ ਮਿੱਟੀ ਨਾਲ ਭਰੀ ਟਰਾਲੀ ਨੂੰ ਪਲਾਟ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਚਾਨਕ ਤੇਜ਼ ਰਫ਼ਤਾਰ ਨਾਲ ਆਈ ਪਿੱਕਅਪ ਗੱਡੀ ਨੇ ਉਸ ਦੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਦੂਜੇ ਪਾਸੇ ਪਿੱਕਅਪ ਗੱਡੀ ਦੇ ਡਰਾਈਵਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਸਹੀ ਲੇਨ 'ਚ ਸੀ ਅਤੇ ਉਸ ਨੇ ਕਾਫ਼ੀ ਦੂਰੀ ਤੋਂ ਬਰੇਕਾਂ ਵੀ ਲਗਾਈਆਂ ਪਰ ਗੱਡੀ ਲੋਡ ਹੋਣ ਕਾਰਨ ਗੱਡੀ ਸਮੇਂ 'ਤੇ ਨਹੀਂ ਰੁਕ ਸਕੀ ਅਤੇ ਬੇਕਾਬੂ ਹੋ ਕੇ ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਖਤਾਨਾ ਵਿੱਚ ਜਾ ਕੇ ਪਲਟ ਗਈ।
ਹਾਦਸੇ ਦੀਆਂ ਭਿਆਨਕ ਆਵਾਜ਼ਾਂ ਸੁਣਕੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵੇਂ ਵਾਹਨਾਂ ਦੇ ਜ਼ਖ਼ਮੀ ਚਾਲਕਾਂ ਨੂੰ ਬਾਹਰ ਕੱਢ ਕੇ ਤੁਰੰਤ ਮਦਦ ਮੁਹੱਈਆ ਕਰਵਾਈ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਇਸ ਮੌਕੇ ਸਮਾਜ ਸੇਵੀ ਗੁਰਚਰਨ ਸਿੰਘ ਨਾਰਵੇ ਨੇ ਗੱਲਬਾਤ ਕਰਦੇ ਕਿਹਾ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਹਰ ਕਿਸਮ ਦੇ ਵਾਹਨਾਂ ’ਤੇ ਰਿਫਲੈਕਟਰ ਲਗਾਉਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਰਾਤ ਦੇ ਸਮੇਂ ਵਾਹਨਾਂ ਦੀ ਪਛਾਣ ਆਸਾਨੀ ਨਾਲ ਹੋ ਸਕੇ ਅਤੇ ਇਸ ਤਰ੍ਹਾਂ ਦੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ। ਸਥਾਨਕ ਲੋਕਾਂ ਨੇ ਵੀ ਇਸ ਹਾਦਸੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੜਕ ’ਤੇ ਰਾਤ ਸਮੇਂ ਅਕਸਰ ਭਾਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਪਰ ਰੌਸ਼ਨੀ ਦੀ ਘਾਟ ਅਤੇ ਸੁਰੱਖਿਆ ਉਪਕਰਨਾਂ ਦੀ ਕਮੀ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਸੜਕ ਸੁਰੱਖਿਆ ਲਈ ਲਾਜ਼ਮੀ ਉਪਰਾਲੇ ਕੀਤੇ ਜਾਣ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
