ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜ਼ਾ ਕੌਮੀ ਤਿਉਹਾਰ ਹੋਲੇ-ਮਹੱਲੇ ਦਾ ਪਹਿਲਾ ਪੜਾਅ ਅੱਜ ਤੋਂ

03/14/2022 1:41:22 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜ਼ਾ ਕੌਮੀ ਤਿਉਹਾਰ ਹੋਲੇ-ਮਹੱਲੇ ਦਾ ਪਹਿਲਾ ਪੜ੍ਹਾਅ ਅੱਜ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਆਰੰਭ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਨੂੰ ਲੈ ਕੇ ਰਿਹਾਇਸ਼, ਲੰਗਰ, ਗਠੜੀ ਘਰ, ਜੋੜਾ ਘਰ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸੰਗਤਾਂ ਦੀ ਰਿਹਾਇਸ਼ ਲਈ 2 ਆਰਜ਼ੀ ਤੌਰ ’ਤੇ ਵਾਟਰ ਪਰੂਫ਼ ਟੈਂਟ ਵੀ ਲਗਾਏ ਗਏ ਹਨ, ਜਿਸ ਵਿਚ 2000 ਦੇ ਕਰੀਬ ਸੰਗਤਾਂ ਅਰਾਮ ਕਰ ਸਕਦੀਆਂ ਹਨ।

ਇਸ ਤੋਂ ਇਲਾਵਾ ਸਥਾਨਕ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦੇ ਹੋਏ ਵਿਸ਼ੇਸ਼ ਤੌਰ ’ਤੇ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਧੂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਸ਼ਰਧਾ ਭਾਵਨਾ ਨਾਲ ਆਉਣ ਅਤੇ ਜੋ ਵੀ ਨੌਜਵਾਨ ਹੋਲੇ ਮਹੱਲੇ ਦੌਰਾਨ ਆ ਕੇ ਹੁੱਲੜਬਾਜ਼ੀ ਕਰਦੇ ਹਨ ਅਤੇ ਆਪਣੇ ਮੋਟਰ ਸਾਈਕਲਾਂ ’ਤੇ ਭਿਆਨਕ ਆਵਾਜ਼ਾਂ ਕੱਢਣ ਵਾਲੇ ਯੰਤਰ ਫਿੱਟ ਕਰਕੇ ਆਉਂਦੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

PunjabKesari

ਇਹ ਵੀ ਪੜ੍ਹੋ: ਹੋਲੇ-ਮਹੱਲੇ ਕਾਰਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਉਮੜਿਆ ਸੈਲਾਬ

ਕੌਮੀ ਤਿਉਹਾਰ ਹੋਲੇ ਮਹੱਲੇ ਨੂੰ ਲੈ ਕੇ ਸਿਹਤ ਮਹਿਕਮੇ ਵੱਲੋਂ ਸੰਗਤਾਂ ਦੀ ਸਹੂਲਤ ਲਈ ਤਿੰਨ ਆਰਜ਼ੀ ਡਿਸਪੈਂਸਰੀਆਂ ਅਤੇ ਮੁੱਢਲੇ ਸਿਹਤ ਕੇਂਦਰ, ਸ੍ਰੀ ਕੀਰਤਪੁਰ ਸਾਹਿਬ ਵਿਖੇ 24 ਘੰਟੇ ਐਮਰਜੈਂਸੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿਚ ਸਪੈਸ਼ਲਿਸਟ ਡਾਕਟਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੰਗਰਾਂ ਦੀ ਚੈਕਿੰਗ ਲਈ ਵਿਸ਼ੇਸ਼ ਤੌਰ ’ਤੇ ਟੀਮਾਂ ਬਣਾਈਆਂ ਗਈਆਂ ਹ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ 24 ਘੰਟੇ ਬਿਜਲੀ ਸਪਲਾਈ ਲਈ ਲੋੜੀਂਦੇ ਟਰਾਂਸਫ਼ਾਰਮਰ ਅਤੇ ਬਿਜਲੀ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

PunjabKesari

ਸੰਗਤ ਦੀ ਆਮਦ ਸ਼ੁਰੂ
ਬੇਸ਼ਕ ਹੋਲਾ-ਮਹੱਲਾ ਮੇਲਾ 14 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਪਰ ਸੰਗਤ ਦੀ ਆਮਦ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ, ਗੁ. ਪਤਾਲਪੁਰੀ ਸਾਹਿਬ, ਡੇਰਾ ਬਾਬਾ ਸ੍ਰੀ ਚੰਦ ਜੀ ਦੇ ਧਾਰਮਿਕ ਅਸਥਾਨਾਂ ’ਤੇ ਸੰਗਤ ਦੀ ਕਾਫ਼ੀ ਗਹਿਮਾ ਗਹਿਮੀ ਦਿਸੀ। ਸੰਗਤ ਦੇ ਵਾਹਨਾਂ ਕਾਰਨ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਟਰੱਕਾਂ ਕਾਰਨ ਬਿਲਾਸਪੁਰ ਰੋਡ ਉਪਰ ਜਾਮ ਵਾਲੀ ਸਥਿਤੀ ਵੇਖਣ ਨੂੰ ਮਿਲ ਰਹੀ ਸੀ। ਦਰਗਾਹ ਬਾਬਾ ਬੁੱਢਣ ਸ਼ਾਹ ਵਿਖੇ ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਲਈ ਸਾਰੇ ਪ੍ਰਬੰਧ ਕਰ ਲਏ ਹਨ। ਬਾਬਾ ਦਿਲਬਾਗ ਸ਼ਾਹ ਅਤੇ ਪ੍ਰਵੇਜ਼ ਸ਼ਾਹ ਨੇ ਦੱਸਿਆ ਕਿ ਇਸ ਬਾਰ ਮੇਲੇ ਵਿਚ ਪਿਛਲੇ ਸਾਲ ਨਾਲੋਂ ਜ਼ਿਆਦਾ ਸੰਗਤ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News