HMV ਕਾਲਜ ਦੇ ਬਾਹਰ ਫਿਰ ਤੋਂ ਵਿਦਿਆਰਥਣਾਂ ਦਾ ਪ੍ਰਦਰਸ਼ਨ, ਰੱਖੀ ਇਹ ਮੰਗ (ਵੀਡੀਓ)

11/19/2019 4:20:35 PM

ਜਲੰਧਰ (ਸੋਨੂੰ)— ਜਲੰਧਰ ਦੇ ਮਸ਼ਹੂਰ ਐੱਚ.ਐੱਮ.ਵੀ. ਕਾਲਜ ਦੇ ਬਾਹਰ ਅੱਜ ਫਿਰ ਤੋਂ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ ਕਈ ਕਮੇਟੀਆਂ ਵਿਦਿਆਰਥਣਾਂ ਦੇ ਹੱਕ 'ਚ ਉਤਰ ਆਈਆਂ ਹਨ। ਵਿਦਿਆਰਥਣਾਂ ਦੀ ਮੰਗ ਹੈ ਕਿ ਕਾਲਜ ਦੀ ਪ੍ਰਿੰਸੀਪਲ ਖਿਲਾਫ ਪਰਚਾ ਦਰਜ ਕੀਤਾ ਜਾਵੇ। ਵਿਦਿਆਰਥਣ ਵੱਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। 

PunjabKesari
ਜਾਣੋ ਕੀ ਹੈ ਪੂਰਾ ਮਾਮਲਾ  
ਦੱਸਣਯੋਗ ਹੈ ਕਿ ਬੀਤੇ ਦਿਨ ਐੱਚ. ਐੱਮ. ਵੀ. ਕਾਲਜ 'ਚ ਉਸ ਸਮੇਂ ਹੰਗਾਮਾ ਹੋ ਗਿਆ ਸੀ ਜਦੋਂ ਕਾਲਜ ਦੀ ਇਕ ਵਿਦਿਆਰਥਣ ਨੇ ਕਾਲਜ ਪ੍ਰਬੰਧਨ 'ਤੇ ਗਲਤ ਵਿਵਹਾਰ ਅਤੇ ਜਾਤੀ ਸੂਚਕ ਸ਼ਬਦ ਕਹਿਣ ਦਾ ਦੋਸ਼ ਲਾਇਆ ਸੀ। ਇਸ ਕਾਰਨ ਗੁੱਸੇ 'ਚ ਆਈਆਂ ਹੋਰ ਵਿਦਿਆਰਥਣਾਂ ਨੇ ਉਸ ਦਾ ਸਾਥ ਦਿੰਦੇ ਹੋਏ ਕਾਲਜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ, ਜੋ ਦੇਰ ਸ਼ਾਮ ਤੱਕ ਚੱਲਦਾ ਰਿਹਾ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕਾਲਜ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਸਬੰਧੀ ਜਿੱਥੇ ਗਲਤ ਵਿਵਹਾਰ ਕੀਤਾ ਹੈ, ਉਥੇ ਹੀ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਅਪਮਾਨਿਤ ਵੀ ਕੀਤਾ। 

ਉਕਤ ਸੂਚਨਾ ਪਾ ਕੇ ਕਾਲਜ ਦੇ ਮੁੱਖ ਗੇਟ 'ਤੇ ਦਲਿਤ ਸਮਾਜ ਨਾਲ ਸਬੰਧਤ ਨੇਤਾਵਾਂ ਨੇ ਵਿਦਿਆਰਥਣਾਂ ਦੇ ਪੱਖ ਵਿਚ ਕਾਲਜ ਪ੍ਰਬੰਧਨ ਦੇ ਵਿਰੋਧ 'ਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਆਵਾਜਾਈ ਠੱਪ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਕਾਲਜ ਵੱਲੋਂ ਇਨ੍ਹਾਂ ਵਿਦਿਆਰਥਣਾਂ ਦੇ ਯੂਨੀਵਰਸਿਟੀ ਰੋਲ ਨੰਬਰ ਵੀ ਨਹੀਂ ਦਿੱਤੇ ਜਾ ਰਹੇ। ਇਨ੍ਹਾਂ ਦੇ 22 ਨਵੰਬਰ ਨੂੰ ਪੇਪਰ ਵੀ ਸ਼ੁਰੂ ਹੋ ਰਹੇ ਹਨ, ਜਿਸ ਕਾਰਨ ਵਿਦਿਆਰਥਣਾਂ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹਨ। ਨਾਲ ਹੀ ਕਿਹਾ ਸੀ ਕਿ ਰੋਲ ਨੰਬਰ ਦੇਣ ਦੀ ਇਵਜ਼ 'ਚ ਕਾਲਜ ਇਨ੍ਹਾਂ ਵਿਦਿਆਰਥਣਾਂ ਤੋਂ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਫੀਸ ਦੀ ਮੰਗ ਵੀ ਕਰ ਰਿਹਾ ਹੈ। ਕਾਲਜ ਪ੍ਰਿੰਸੀਪਲ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦਲਿਤ ਵਰਗ ਦੇ ਨੇਤਾਵਾਂ ਨੇ ਪ੍ਰਸ਼ਾਸਨ ਤੋਂ ਪ੍ਰਿੰਸੀਪਲ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਮੌਕੇ 'ਤੇ ਵੱਖ-ਵੱਖ ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀ ਮੌਜੂਦ ਰਹੇ ਜੋ ਦੇਰ ਸ਼ਾਮ ਤੱਕ ਮਾਮਲੇ ਨੂੰ ਸੁਲਝਾਉਣ ਵਿਚ ਲੱਗੇ ਰਹੇ ਸਨ। ਪ੍ਰਿੰਸੀਪਲ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਲੈ ਕੇ ਅੱਜ ਫਿਰ ਤੋਂ ਵਿਦਿਆਰਥਣਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।


shivani attri

Content Editor

Related News