ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਪਾਕਿਸਤਾਨ ’ਚ ਹਿੰਦੂਆਂ ਤੇ ਸਿੱਖਾਂ ’ਤੇ ਅੱਤਿਆਚਾਰ ਜਾਰੀ : ਪ੍ਰੋ. ਸਰਚਾਂਦ ਸਿੰਘ ਖਿਆਲਾ

Saturday, Dec 31, 2022 - 06:37 PM (IST)

ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਪਾਕਿਸਤਾਨ ’ਚ ਹਿੰਦੂਆਂ ਤੇ ਸਿੱਖਾਂ ’ਤੇ ਅੱਤਿਆਚਾਰ ਜਾਰੀ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ (ਬਿਊਰੋ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ’ਚ ਕੱਟੜਪੰਥੀਆਂ ਵੱਲੋਂ ਹਿੰਦੂਆਂ ਅਤੇ ਸਿੱਖਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਰੋਕਣ ’ਚ ਨਾਕਾਮ ਰਹਿਣ ਲਈ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਸੂਬਾ ਸਿੰਧ ’ਚ ਇਕ 40 ਸਾਲਾ ਹਿੰਦੂ ਵਿਧਵਾ ਦਯਾ ਭੀਲ ਦੀ ਬੀਤੇ ਦਿਨ ਸਮੂਹਿਕ ਬੇਆਬਰੂ ਤੋਂ ਬਾਅਦ ਸਿਰ ਵੱਢ ਕੇ ਕਲਮ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਬੇਰਹਿਮ ਕਤਲ ਨੂੰ ਹੁਣ ਤਕ ਦਾ ਸਭ ਤੋਂ ਭੈੜਾ ਅਤੇ ਵਹਿਸ਼ੀ ਕਤਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਔਰਤ ਦੀ ਲਾਸ਼ ਬਹੁਤ ਬੁਰੀ ਹਾਲਤ ’ਚ ਬਰਾਮਦ ਹੋਣ ਕਾਰਨ ਘੱਟਗਿਣਤੀ ਭਾਈਚਾਰੇ ’ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਗੁਆਂਢੀ ਮੁਲਕ ’ਚ ਘੱਟਗਿਣਤੀ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀ ਹੋਂਦ ਨੂੰ ਗੰਭੀਰ ਖ਼ਤਰਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕੌਮਾਂਤਰੀ ਦਬਾਅ ਦੇ ਬਾਵਜੂਦ ਪਾਕਿਸਤਾਨ ਸਰਕਾਰ ਵੱਲੋਂ ਘੱਟਗਿਣਤੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਵਾਅਦੇ ਤੇ ਦਾਅਵੇ ਖੋਖਲੇ ਸਾਬਤ ਹੋਏ ਹਨ। ਗ਼ੈਰ-ਮੁਸਲਿਮਾਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਰੋਕਣ ’ਚ ਪਾਕਿਸਤਾਨ ਸਰਕਾਰ ਦੀ ਨਾਕਾਮੀ ਨੇ ਗ਼ੈਰ-ਮੁਸਲਮਾਨਾਂ ’ਚ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ, ਜੋ ਵਿਸ਼ਵ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ’ਚ ਹਿੰਦੂ ਅਤੇ ਸਿੱਖ ਕੁੱਲ ਆਬਾਦੀ ਦਾ 15 ਫ਼ੀਸਦੀ ਤੱਕ ਸੀ, ਜੋ ਹੁਣ 4 ਫ਼ੀਸਦੀ ਤੋਂ ਵੀ ਘੱਟ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਹਿੰਦੂ ਅਤੇ ਸਿੱਖ ਮੁਟਿਆਰਾਂ ਨੂੰ ਅਗਵਾ ਕਰਨ, ਉਨ੍ਹਾਂ ਨਾਲ ਜਬਰ-ਜ਼ਿਨਾਹ ਅਤੇ ਮੁਸਲਮਾਨਾਂ ਨਾਲ ਜਬਰੀ ਵਿਆਹ ਕਰਾਉਣ ਲਈ ਜਬਰੀ ਧਰਮ ਤਬਦੀਲ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ।

ਲਗਾਤਾਰ ਹੋ ਰਹੇ ਅੱਤਿਆਚਾਰ ਕਾਰਨ ਹਿੰਦੂ ਅਤੇ ਸਿੱਖ ਭਾਈਚਾਰਾ ਹਾਸ਼ੀਏ ’ਤੇ ਪਹੁੰਚ ਗਿਆ ਹੈ, ਜਿਸ ਕਾਰਨ ਪੁਲਸ ਪੀੜਤਾਂ ਦੀ ਫ਼ਰਿਆਦ ਵੀ ਨਹੀਂ ਸੁਣਦੀ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਪਿਛਲੇ ਇਕ ਮਹੀਨੇ ’ਚ ਹੀ ਸਿੰਧ ਸੂਬੇ ’ਚ ਦੋ ਦਰਜਨ ਦੇ ਤਕਰੀਬਨ ਨਾਬਾਲਗ ਹਿੰਦੂ ਤੇ ਸਿੱਖ ਕੁੜੀਆਂ ਅਜਿਹੇ ਅੱਤਿਆਚਾਰ ਦਾ ਸ਼ਿਕਾਰ ਹੋਈਆਂ ਹਨ, ਜਿਨ੍ਹਾਂ ’ਚ ਖ਼ੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ ਦੀ ਸਿੱਖ ਅਧਿਆਪਕਾ ਦੀਨਾ ਕੌਰ, ਮੀਰਪੁਰਖਾਸ ਦੀ ਹਿੰਦੂ ਲੜਕੀ, ਨਾਸਰਪੁਰ ਦੀ 14 ਸਾਲ ਦੀ ਲੜਕੀ ਅਗਵਾ ਹੋਈ, ਸਿੰਧ ਦੇ ਹੀ ਥਾਰਪਰਕਾਰ ਦੇ ਕਸਬਾ ਛਛਰੇ ਦੇ ਨੇੜਲੇ ਪਿੰਡ ਚੱਪਰ ਦੀਨ ਸ਼ਾਹ ’ਚ ਇਕ ਹਿੰਦੂ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਿੰਦੂ ਸਿੱਖ ਨੌਜਵਾਨ ਵੀ ਜਬਰੀ ਧਰਮ ਤਬਦੀਲੀ ਲਈ ਨਿਸ਼ਾਨਾ ਬਣ ਰਹੇ ਹਨ, ਜਿਨ੍ਹਾਂ ’ਚ ਖ਼ੈਬਰ ਪਖਤੂਨਖਵਾ ਸੂਬੇ ਦੇ ‘ਪੀਰ ਬਾਬਾ’ ਵਿਖੇ ਇਕ ਸਿੱਖ ਅਧਿਆਪਕ ਅਤੇ ਸਿੰਧ ਦੇ ਲਾਰਕਾਨਾ ਸਥਿਤ ‘ਜਾਮੀਆ ਇਸਲਾਮੀਆ ਮਸਜਿਦ’ ’ਚ ਇਕ ਹਿੰਦੂ ਨੌਜਵਾਨ ਦੀ ਧਰਮ ਤਬਦੀਲੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਉੱਥੇ ਈਸਾਈ ਭਾਈਚਾਰੇ ਦੇ ਮੈਂਬਰ ਅਤੇ ਖ਼ੁਦ ਮੁਸਲਿਮ ਫ਼ਿਰਕੇ ਦੇ ਅਹਿਮਦੀ ਭਾਈਚਾਰੇ ਨੂੰ ਵੀ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਪਾਕਿ ਸ਼ਡਿਊਲ ਕਾਸਟ ਰਾਈਟਸ ਕਮਿਸ਼ਨ ਆਫ਼ ਸਿੰਧ ਵੱਲੋਂ ਆਯੋਜਿਤ ਇਕ ਸੈਮੀਨਾਰ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਿੰਦੂ ਸਿੱਖ ਨਾਬਾਲਗ ਲੜਕੀਆਂ ਨੂੰ ਵੱਖ-ਵੱਖ ਬਹਾਨਿਆਂ ਨਾਲ ਤੰਗ-ਪ੍ਰੇਸ਼ਾਨ ਅਤੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਕਾਰਨ ਗ਼ੈਰ-ਮੁਸਲਿਮ ਪਰਿਵਾਰਾਂ ’ਚ ਸਹਿਮ ਦਾ ਮਾਹੌਲ ਹੈ।


author

Manoj

Content Editor

Related News