ਹਿਮਾਂਸ਼ੀ ਖੁਰਾਣਾ ਨੇ 15 ਰੁਪਏ ਦਿਹਾੜੀ ਲੈਣ ਵਾਲੇ ਗੁਰਦਾਸਪੁਰ ਦੇ ਗੁਰਸਿੱਖ ਬੱਚੇ ਦੀ ਮਦਦ ਲਈ ਵਧਾਏ ਹੱਥ
Monday, Jul 05, 2021 - 02:57 PM (IST)
ਗੁਰਦਾਸਪੁਰ (ਬਿਊਰੋ) - ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਦੇ ਗੁਰਸਿੱਖ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਸੀ, ਜੋ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਦਿਹਾੜੀ ਕਰਦਾ ਸੀ। ਹੁਣ ਉਸ ਬੱਚੇ ਦੀ ਮਦਦ ਦੇ ਲਈ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਅੱਗੇ ਆਈ ਹੈ। ਉਸ ਨੇ ਇਸ ਪਰਿਵਾਰ ਦੀ ਗਰੀਬੀ ਨੂੰ ਦੇਖਦੇ ਹੋਏ ਮਦਦ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ ਕਿ ਗੁਰਦਾਸਪੁਰ ਦਾ ਇੱਕ ਗੁਰਸਿੱਖ ਬੱਚਾ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਦਿਹਾੜੀ ਕਰਨ ਲਈ ਮਜ਼ਬੂਰ ਹੈ। ਇੰਨੀਂ ਦਿਨੀਂ ਪੰਜਾਬ 'ਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ। ਅਜਿਹੇ 'ਚ ਇਹ ਬੱਚਾ ਖੇਤਾਂ 'ਚ ਝੋਨੇ ਦੀ ਪਨੀਰੀ ਪੁੱਟਦਾ ਹੈ, ਜਿਸ ਨੂੰ ਦਿਹਾੜੀ ਵਜੋਂ ਉਸ ਨੂੰ ਸਿਰਫ਼ 15 ਰੁਪਏ ਮਿਲਦੇ ਹਨ। ਜਦੋਂ ਇਸ ਬੱਚੇ ਦੀ ਵੀਡੀਓ ਵਾਇਰਲ ਹੁੰਦੇ-ਹੁੰਦੇ ਹਿਮਾਂਸ਼ੀ ਖੁਰਾਣਾ ਦੇ ਸਾਹਮਣੇ ਆਈ ਤਾਂ ਉਸ ਨੇ ਇਸ ਪਰਿਵਾਰ ਦੀ ਮਦਦ ਕਰਨ ਦੀ ਇੱਛਾ ਜਤਾਈ। ਹਿਮਾਂਸ਼ੀ ਖੁਰਾਣਾ ਨੇ ਵੀਡੀਓ ਕਾਲ ਕਰਕੇ ਇਸ ਪਰਿਵਾਰ ਦਾ ਹਾਲ ਜਾਣਿਆ ਅਤੇ ਮਦਦ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ ਕਿ ਇਹ ਪਰਿਵਾਰ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੈ। ਘਰ ਦੇ ਆਰਥਿਕ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਘਰ 'ਚ ਇੱਕ ਕੋਠਾ ਸੀ, ਜੋ ਟੁੱਟ ਚੁੱਕਿਆ ਹੈ। ਘਰ ਦੀ ਛੱਤ 'ਤੇ ਤਰਪਾਲ ਪਾ ਕੇ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਗੁਰਸਿੱਖ ਬੱਚੇ ਦਾ ਪਿਤਾ ਕਿਸੇ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਦੋ ਆਪ੍ਰੇਸ਼ਨ ਹੋ ਚੁੱਕੇ ਹਨ ਪਰ ਅਜੇ ਤੀਜਾ ਆਪ੍ਰੇਸ਼ਨ ਹੋਣਾ ਬਾਕੀ ਹੈ, ਜਿਸ ਕਰਕੇ ਇਹ ਬੱਚਾ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਇਆ ਹੈ।
ਨੋਟ - ਹਿਮਾਂਸ਼ੀ ਖੁਰਾਣਾ ਵਲੋਂ ਗੁਰਸਿੱਖ ਬੱਚੇ ਦੀ ਕੀਤੀ ਜਾ ਰਹੀ ਮਦਦ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ।