ਜਹਾਜ਼ ਅਗਵਾ ਮਾਮਲੇ ''ਚ 2 ''ਤੇ ਦੇਸ਼ਧ੍ਰੋਹ ਦਾ ਨਵਾਂ ਮੁਕੱਦਮਾ ਦਰਜ
Wednesday, Jul 19, 2017 - 06:47 AM (IST)
ਜਲੰਧਰ (ਚਾਵਲਾ) - 36 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਵਿਚ ਨਵੀਆਂ ਧਾਰਾਵਾਂ ਅਧੀਨ ਮੁੜ ਸ਼ੁਰੂ ਕੀਤੇ ਗਏ ਨਵੇਂ ਮੁਕੱਦਮੇ ਵਿਚ ਅੱਜ ਪਟਿਆਲਾ ਹਾਊਸ ਕੋਰਟ ਦੇ ਵਧੀਕ ਜੱਜ ਜਯੋਤੀ ਕਲੇਰ ਨੇ ਦੋ ਸਿੱਖ ਅਗਵਾਕਾਰਾਂ ਸਤਨਾਮ ਸਿੰਘ ਅਤੇ ਤੇਜਿੰਦਰਪਾਲ ਸਿੰਘ ਨੂੰ ਦੋ ਦਿਨਾਂ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਸਿੱਖ ਅਗਵਾਕਾਰਾਂ ਵੱਲੋਂ ਸੀਨੀਅਰ ਵਕੀਲ ਮੋਹਿਤ ਮਾਥੁਰ ਅਤੇ ਮਨੀਸ਼ਾ ਭੰਡਾਰੀ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਜਾਂਚ ਅਧਿਕਾਰੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਅਤੇ ਕੇਸ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਰੱਖ ਦਿੱਤੀ ਹੈ। ਦੋਵੇਂ ਵਕੀਲਾਂ ਨੇ ਅਦਾਲਤ ਵਿਚ ਬਹਿਸ ਕਰਦਿਆਂ ਕੇਸ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅਪੀਲਕਰਤਾ ਦੇ ਪਹਿਲਾਂ ਹੀ ਜੇਲਾਂ ਅਤੇ ਅਦਾਲਤਾਂ ਵਿਚ 35 ਸਾਲ ਬੀਤ ਚੁੱਕੇ ਹਨ ਅਤੇ ਉਹ ਪਾਕਿਸਤਾਨ ਵਿਚ ਉਮਰ ਕੈਦ ਕੱਟ ਚੁੱਕੇ ਹਨ। ਇਹ ਕੇਸ ਡਬਲ ਜੀਓਪਾਰਡੀ ਦੀ ਇਕ ਖਾਸ ਉਦਾਹਰਣ ਹੈ।
ਇਨ੍ਹਾਂ ਦੀ ਸਾਰੀ ਜ਼ਿੰਦਗੀ ਇਸ ਕੇਸ ਵਿਚ ਮੁਕੱਦਮੇ ਝੱਲਦਿਆਂ ਲੰਘ ਗਈ ਹੈ, ਹੁਣ ਇਨ੍ਹਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਰੀ ਕਰ ਦੇਣਾ ਚਾਹੀਦਾ ਹੈ। ਇਨ੍ਹਾਂ 'ਤੇ ਪਹਿਲਾਂ ਪਾਕਿਸਤਾਨ ਵਿਚ ਜਹਾਜ਼ ਅਗਵਾ ਕਰਨ ਦਾ ਮੁਕੱਦਮਾ ਚਲਾਇਆ ਗਿਆ ਤੇ ਸਜ਼ਾ ਹੋਈ, ਜਿਸ ਤੋਂ ਬਾਅਦ ਉਸੇ ਕਾਰਵਾਈ ਲਈ ਭਾਰਤੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ ਤੇ ਬਰੀ ਕੀਤਾ ਗਿਆ। ਹੁਣ ਉਸੇ ਘਟਨਾ ਲਈ ਕਿਸੇ ਹੋਰ ਨਾਂ ਹੇਠ 36 ਸਾਲਾਂ ਬਾਅਦ ਨਵਾਂ ਮੁਕੱਦਮਾ ਨਵੀਆਂ ਧਾਰਾਵਾਂ ਹੇਠ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਆਪਣੇ ਆਪ ਵਿਚ ਗੈਰ-ਕਾਨੂੰਨੀ ਹੈ।
ਉਪਰੋਕਤ ਸਿੱਖ ਹਾਈਜੈਕਰਾਂ ਨਾਲ ਅਦਾਲਤ ਪਹੁੰਚੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਹਾਈਜੈਕਰਾਂ ਦੇ ਕੇਸ ਵਿਚ ਇਕ ਕਾਰਵਾਈ ਲਈ ਪਾਕਿਸਤਾਨ ਵਿਚ ਉਮਰ ਕੈਦ ਭੁਗਤਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਹੁਣ 36 ਸਾਲਾਂ ਬਾਅਦ ਉਸੇ ਕਾਰਵਾਈ ਲਈ ਦੇਸ਼ਧ੍ਰੋਹ ਅਧੀਨ ਮੁਕੱਦਮਾ ਚਲਾਉਣਾ ਇਨਸਾਫ ਦਾ ਕਤਲ ਕਰਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੀਂ ਦਿੱਲੀ ਦੇ ਇਸ ਜ਼ਿਆਦਤੀ ਭਰੇ ਕਦਮ ਦੀ ਸਖਤ ਆਲੋਚਨਾ ਕਰਦੇ ਹਾਂ, ਜਿਸ ਵਿਚ ਪੰਜ ਹਾਈਜੈਕਰਾਂ ਵਿਚੋਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਕੀ ਤਿੰਨ ਹਾਈਜੈਕਰਾਂ ਵਿਚੋਂ ਇਕ ਰਾਜਿੰਦਰ ਸਿੰਘ ਜਲਾਵਤਨੀ ਹੰਢਾ ਰਹੇ ਹਨ ਜਦਕਿ ਜਸਬੀਰ ਸਿੰਘ ਅਤੇ ਕਰਨ ਸਿੰਘ ਭਾਰਤ ਵਿਚਲੇ ਹਾਲਾਤ ਕਾਰਨ ਸਵਿਟਜ਼ਰਲੈਂਡ ਵਿਚ ਰਹਿ ਰਹੇ ਹਨ।
