ਗਲੀਆਂ ’ਚ ਭਰੇ ਪਾਣੀ ਤੋਂ ਦੁਖੀ ਲੋਕਾਂ ਕੀਤਾ ਹਾਈਵੇ ਜਾਮ
Tuesday, Jul 10, 2018 - 01:44 AM (IST)
ਧਨੌਲਾ, (ਰਵਿੰਦਰ)– ਗਲੀ-ਮੁਹੱਲਿਆਂ ਵਿਚ ਕਈ ਦਿਨਾਂ ਤੋਂ ਭਰੇ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਲੋਕਾਂ ਨੇ ਸੋਮਵਾਰ ਨੂੰ ਬਾਜ਼ਾਰ ਵਿਚ ਰੋਸ ਮਾਰਚ ਕਰਨ ਉਪਰੰਤ ਧਨੌਲਾ-ਬਰਨਾਲਾ-ਸੰਗਰੂਰ ਹਾਈਵੇ ਜਾਮ ਕਰ ਕੇ ਨਗਰ ਕੌਂਸਲ ਦੀ ਲਾਪ੍ਰਵਾਹੀ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਧਰਨਾਕਾਰੀਅਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਕੌਂਸਲਰ ਮੁਨੀਸ਼ ਬਾਂਸਲ ਨੇ ਕਿਹਾ ਕਿ ਸਾਰਾ ਕੁਝ ਜਾਣਦੇ ਹੋਏ ਵੀ ਨਗਰ ਕੌਂਸਲ ਦੇ ਅਧਿਕਾਰੀ ਅਤੇ ਪ੍ਰਧਾਨ ਨੇ ਕਰੀਬ 15 ਦਿਨਾਂ ਤੋਂ ਗਲੀਆਂ, ਮੁਹੱਲਿਆਂ ਵਿਚ ਭਰੇ ਪਾਣੀ ਦੀ ਨਿਕਾਸੀ ਦੇ ਕੋਈ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਨਗਰ ਕੌਂਸਲ ਖਿਲਾਫ ਧਰਨਾ ਲਾ ਕੇ ਹਾਈਵੇ ਜਾਮ ਕਰਨਾ ਪਿਆ ਹੈ।
ਕੌਂਸਲਰ ਨੇ ਦਿੱਤੀ ਅਸਤੀਫੇ ਦੀ ਚਿਤਾਵਨੀ
ਕੌਂਸਲਰ ਮੁਨੀਸ਼ ਬਾਂਸਲ ਨੇ ਕਿਹਾ ਕਿ ਜੇਕਰ ਗੰਦੇ ਪਾਣੀ ਦੀ ਨਿਕਾਸੀ ਦਾ ਫੌਰੀ ਹੱਲ ਨਾ ਹੋਇਆ ਤਾਂ ਉਹ ਕੌਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਬੱਚੇ ਹੋ ਰਹੇ ਨੇ ਬੀਮਾਰ
ਵਪਾਰ ਮੰਡਲ ਦੇ ਪ੍ਰਧਾਨ ਕਾਂਗਰਸੀ ਆਗੂ ਸੁਮਿਤ ਕੁਮਾਰ ਲਾਲੀ ਨੇ ਕਿਹਾ ਕਿ ਇਸ ਬਰਸਾਤ ਦੇ ਮੌਸਮ ਵਿਚ ਗਲੀ-ਮੁਹੱਲਿਆਂ ’ਚ ਭਰਿਆ ਗੰਦਾ ਪਾਣੀ ਜਿਥੇ ਮੱਛਰ ਪੈਦਾ ਕਰ ਰਿਹਾ ਹੈ, ਉਥੇ ਹੀ ਪੀਣ ਵਾਲੇ ਪਾਣੀ ਵਿਚ ਰਲ ਕੇ ਟੂਟੀਆਂ ਵਿਚ ਅਾ ਰਿਹਾ ਹੈ, ਜਿਸ ਕਾਰਨ ਕਾਫੀ ਲੋਕਾਂ ਨੂੰ ਪੀਲੀਆ ਹੋਇਆ ਪਿਆ ਹੈ। ਬੱਚੇ ਬੀਮਾਰ ਹੋ ਰਹੇ ਹਨ ਅਤੇ ਲੰਘਣ ਸਮੇਂ ਦਿੱਕਤਾਂ ਆ ਰਹੀਆਂ ਹਨ। ਜੇਕਰ ਨਗਰ ਕੌਂਸਲ ਵੱਲੋਂ ਇਸ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਕੀਤਾ ਗਿਅਾ ਤਾਂ ਸਮੁੱਚੇ ਵਪਾਰ ਮੰਡਲ ਨੂੰ ਨਾਲ ਲੈ ਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਵਾਟਰ ਸਪਲਾਈ ਸੈਨੀਟੇਸ਼ਨ ਇੰਸਪੈਕਟਰ ਦੇ ਭਰੋਸੇ ’ਤੇ ਚੁੱਕਿਆ ਧਰਨਾ
ਮੌਕੇ ’ਤੇ ਪੁੱਜੇ ਵਾਟਰ ਸਪਲਾਈ ਸੈਨੀਟੇਸ਼ਨ ਇੰਸਪੈਕਟਰ ਰਜੇਸ਼ ਕੁਮਾਰ ਨੇ ਕਿਹਾ ਕਿ ਦੇ 24 ਘੰਟਿਆਂ ਵਿਚ ਪਾਣੀ ਦੀ ਨਿਕਾਸੀ ਕਰ ਦਿੱਤੀ ਜਾਵੇਗੀ। ਸੀਵਰੇਜ ਦੇ ਮੁਲਾਜ਼ਮ ਬੁਲਾ ਲਏ ਹਨ। ਇਕ ਪੰਪ ਲਾ ਕੇ ਪਾਣੀ ਦੀ ਨਿਕਾਸੀ ਕਰਨੀ ਸ਼ੁਰੂ ਕਰਨ ਦਾ ਭਰੋਸਾ ਦੇਣ ਤੋਂ ਬਾਅਦ 10.30 ਵਜੇ ਤੋਂ ਲੱਗਿਆ ਜਾਮ 2.30 ਵਜੇ ਖੋਲ੍ਹਿਆ ਗਿਆ।
