ਕੁੱਖ ''ਚ ਪਲ ਰਿਹਾ ਭਰੂਣ ਤੰਦਰੁਸਤ ਨਾ ਹੋਣ ''ਤੇ ਹਾਈਕੋਰਟ ਨੇ ਦਿੱਤੀ ਗਰਭਪਾਤ ਦੀ ਮਨਜ਼ੂਰੀ

Thursday, Oct 22, 2020 - 03:09 PM (IST)

ਕੁੱਖ ''ਚ ਪਲ ਰਿਹਾ ਭਰੂਣ ਤੰਦਰੁਸਤ ਨਾ ਹੋਣ ''ਤੇ ਹਾਈਕੋਰਟ ਨੇ ਦਿੱਤੀ ਗਰਭਪਾਤ ਦੀ ਮਨਜ਼ੂਰੀ

ਚੰਡੀਗੜ੍ਹ (ਹਾਂਡਾ) : ਇਕ ਜਨਾਨੀ ਦੀ ਕੁੱਖ 'ਚ 23 ਹਫ਼ਤੇ ਦਾ ਭਰੂਣ ਪਲ ਰਿਹਾ ਸੀ। ਜਾਂਚ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਭਰੂਣ 'ਚ ਗੰਭੀਰ ਰੋਗ ਦੇ ਲੱਛਣ ਦਿਸ ਰਹੇ ਹਨ, ਜਿਸ ਦੇ ਬਚਣ ਦੀ ਉਮੀਦ ਘੱਟ ਹੈ ਅਤੇ ਜਨਮ ਦੇ ਵਕਤ ਮਾਂ ਨੂੰ ਵੀ ਖ਼ਤਰਾ ਹੋ ਸਕਦਾ ਹੈ। ਜਨਾਨੀ ਨੇ ਗਰਭਪਾਤ ਕਰਵਾਉਣ ਦਾ ਮਨ ਬਣਾਇਆ ਪਰ ਕੁੱਖ 23 ਹਫ਼ਤੇ ਦੀ ਹੋ ਚੁੱਕੀ ਸੀ। ਗਰਭਪਾਤ ਲਈ ਹਾਈਕੋਰਟ ਦੀ ਮਨਜ਼ੂਰੀ ਜ਼ਰੂਰੀ ਸੀ।
ਪਟੀਸ਼ਨ ਦਰਜ ਕਰ ਕੇ ਮੰਗੀ ਸੀ ਗਰਭਪਾਤ ਦੀ ਮਨਜ਼ੂਰੀ
ਜਨਾਨੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਰਜ ਕਰ ਕੇ ਗਰਭਪਾਤ ਦੀ ਮਨਜ਼ੂਰੀ ਮੰਗੀ ਸੀ। ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪੀ. ਜੀ. ਆਈ. ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਨੂੰ ਬਚਾਅ ਧਿਰ ਵਲੋਂ ਵਕੀਲ ਅਮਿਤ ਝਾਂਜੀ ਨੇ ਰਿਸੀਵ ਕੀਤਾ ਸੀ। 19 ਅਕਤੂਬਰ ਨੂੰ ਪੀ. ਜੀ. ਆਈ. ਚੰਡੀਗੜ੍ਹ ਦੇ ਮੈਡੀਕਲ ਸੁਪਰਡੈਂਟ ਕੋਰਟ 'ਚ ਪੇਸ਼ ਹੋਏ ਸਨ, ਜਿਨ੍ਹਾਂ ਨੇ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਪੀ. ਜੀ. ਆਈ. ਦੇ ਪਰਮਾਨੈਂਟ ਮੈਡੀਕਲ ਬੋਰਡ ਤੋਂ ਜਾਂਚ ਕਰਵਾ ਕੇ ਅਗਲੀ ਸੁਣਵਾਈ 'ਤੇ ਮੈਡੀਕਲ ਬੋਰਡ ਦੀ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।
ਪੀ. ਜੀ. ਆਈ. ਦੇ ਪਰਮਾਨੈਂਟ ਮੈਡੀਕਲ ਬੋਰਡ ਨੇ ਪੇਸ਼ ਕੀਤੀ ਰਿਪੋਰਟ
ਬੁੱਧਵਾਰ ਨੂੰ ਜਸਟਿਸ ਅਗਸਟੀਨ ਜਾਰਜ ਮਸੀਹ ਦੀ ਅਦਾਲਤ 'ਚ ਪੀ. ਜੀ. ਆਈ. ਦੇ ਪਰਮਾਨੈਂਟ ਮੈਡੀਕਲ ਬੋਰਡ ਵਲੋਂ ਰਿਪੋਰਟ ਪੇਸ਼ ਕਰ ਦਿੱਤੀ ਗਈ, ਜਿਸ 'ਚ ਦੱਸਿਆ ਗਿਆ ਕਿ ਪੇਟ 'ਚ ਪਲ ਰਿਹਾ ਭਰੂਣ ਗੰਭੀਰ ਬੀਮਾਰੀਆਂ ਨਾਲ ਗ੍ਰਸਤ ਹੈ, ਜਿਸ ਦੇ ਜਨਮ ਦੇ ਸਮੇਂ ਬਚਣ ਦੀ ਉਮੀਦ ਨਹੀਂ ਹੈ ਅਤੇ ਜੇਕਰ ਗਰਭਪਾਤ ਨਹੀਂ ਹੁੰਦਾ ਤਾਂ ਜਨਾਨੀ ਨੂੰ ਵੀ ਖ਼ਤਰਾ ਹੋ ਸਕਦਾ ਹੈ। ਪੀ. ਜੀ. ਆਈ. ਦੇ ਪਰਮਾਨੈਂਟ ਮੈਡੀਕਲ ਬੋਰਡ ਦੀ ਰਿਪੋਰਟ ਆਉਣ ਤੋਂ ਬਾਅਦ ਅਦਾਲਤ ਨੇ ਜਨਾਨੀ ਨੂੰ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ ਅਤੇ ਕਿਹਾ ਕਿ ਉਹ ਪੀ. ਜੀ. ਆਈ. ਦੀ ਰਿਪੋਰਟ ਤੋਂ ਬਾਅਦ ਕਿਤੇ ਵੀ ਗਰਭਪਾਤ ਕਰਵਾ ਸਕਦੀ ਹੈ ਅਤੇ ਜੇਕਰ ਇਲਾਜ ਕਰਵਾਉਣਾ ਚਾਹੇ ਤਾਂ ਵੀ ਪੀ. ਜੀ. ਆਈ. ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਹਾਈਕੋਰਟ ਨੇ ਜਨਾਨੀ ਨੂੰ ਅੰਤਮ ਫ਼ੈਸਲਾ ਲੈਣ ਦੀ ਛੋਟ ਦਿੰਦਿਆਂ ਪਟੀਸ਼ਨ ਦਾ ਨਿਪਟਾਰਾ ਦਿੱਤਾ ਹੈ।
 


author

Babita

Content Editor

Related News