ਵਾਹਨਾਂ ’ਤੇ ''ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ'' ਲਾਉਣ ਦੀ ਸਮਾਂ ਸੀਮਾਂ 30 ਜੂਨ ਤੱਕ ਵਧੀ

Sunday, May 24, 2020 - 11:40 AM (IST)

ਵਾਹਨਾਂ ’ਤੇ ''ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ'' ਲਾਉਣ ਦੀ ਸਮਾਂ ਸੀਮਾਂ 30 ਜੂਨ ਤੱਕ ਵਧੀ

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ’ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐੱਚ. ਐੱਸ. ਆਰ. ਪੀ.) ਲਾਉਣ ਦੀ ਸਮਾਂ ਹੱਦ 30 ਜੂਨ, 2020 ਤੱਕ ਵਧਾ ਦਿੱਤੀ ਹੈ। ਇਹ ਪਲੇਟਾਂ ਲਾਉਣ ਸਬੰਧੀ ਸਾਰੇ ਵਾਹਨ ਮਾਲਕਾਂ ਲਈ ਆਖਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਤਾਰੀਕ ’ਚ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਇਥੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭਾਰਤ ’ਚ ਸਾਰੇ ਵਾਹਨਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐੱਚ. ਐੱਸ. ਆਰ. ਪੀ.) ਲਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨਾਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਉਨ੍ਹਾਂ ਵਾਹਨ ਮਾਲਕਾਂ ਨੂੰ 30 ਜੂਨ, 2020 ਤੱਕ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐੱਚ. ਐੱਸ. ਆਰ. ਪੀ.) ਲਗਵਾਉਣ ਦਾ ਆਖਰੀ ਮੌਕਾ ਦਿੱਤਾ ਹੈ, ਜਿਨ੍ਹਾਂ ਨੇ ਇਹ ਪਲੇਟਾਂ ਨਹੀਂ ਲਗਵਾਈਆਂ।

PunjabKesari
ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਜ਼ਿਲਾ ਹੈੱਡਕੁਆਰਟਰ ਵਿਖੇ ਮੌਜੂਦਾ 22 ਫਿਟਮੈਂਟ ਸੈਂਟਰਾਂ ਤੋਂ ਇਲਾਵਾ ਸਬ ਡਵੀਜ਼ਨਲ ਪੱਧਰ ’ਤੇ 45 ਹੋਰ ਫਿਟਮੈਂਟ ਸੈਂਟਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਅਤੇ ਕੋਵਿਡ-19 ਦੀ ਰੋਕਥਾਮ ਲਈ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ’ਚ ਰੱਖਦਿਆਂ, ਵਾਹਨ ਮਾਲਕਾਂ ਨੂੰ ਫਿੱਟਮੈਂਟ ਸੈਂਟਰਾਂ ’ਚ ਜਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ। ਵਾਹਨ ਮਾਲਕਾਂ ਦੀ ਸਹੂਲਤ ਲਈ ਮੁਲਾਕਾਤ ਦੀ ਪਹਿਲਾਂ-ਬੁਕਿੰਗ ਦੀ ਇੱਕ ਆਨਲਾਈਨ ਪ੍ਰਣਾਲੀ ਚਾਲੂ ਕਰਨ ਅਤੇ ਇਕ ਮੋਬਾਈਲ ਐਪਲੀਕੇਸ਼ਨ ਐੱਚ. ਐੱਸ. ਆਰ. ਪੀ. ਪੰਜਾਬ ਤੋਂ ਇਲਾਵਾ ਫੀਸਾਂ ਦੀ ਅਦਾਇਗੀ ਵੈੱਬਸਾਈਟ ’ਤੇ ਕੀਤੀ ਜਾ ਸਕਦੀ ਹੈ।
ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪ੍ਰੈਲ, 2019 ਤੋਂ ਬਣੇ ਵਾਹਨਾਂ ਦੀ ਐੱਚ. ਐੱਸ. ਆਰ. ਪੀ. ਸੰਬੰਧਤ ਏਜੰਸੀਆਂ ਵਲੋਂ ਲਾਈ ਜਾਣੀ ਹੈ, ਜਿੱਥੋਂ ਵਾਹਨ ਖਰੀਦੇ ਗਏ ਹਨ। ਮੰਤਰੀ ਨੇ ਅੱਗੇ ਕਿਹਾ ਕਿ ਜਨਤਾ ਦੀ ਸਹੂਲਤ ਲਈ ਅਤੇ ਸ਼ੋਸ਼ਣ ਨੂੰ ਰੋਕਣ ਲਈ ਘਰ ’ਚ ਐੱਚ. ਐੱਸ. ਆਰ. ਪੀ. ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਹ ਸਹੂਲਤ ਅਖ਼ਤਿਆਰੀ ਹੈ, ਜਿਸ ਤਹਿਤ ਵਾਹਨ ਮਾਲਕ ਇਹ ਸਹੂਲਤ 2 ਅਤੇ 3 ਪਹੀਆ ਵਾਹਨ ਲਈ 100 ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ 150 ਰੁਪਏ ਵਾਧੂ ਦਾ ਭੁਗਤਾਨ ਕਰਕੇ ਪ੍ਰਾਪਤ ਕਰ ਸਕਦੇ ਹਨ। ਇਸ ਸੰਬੰਧੀ ਕਿਸੇ ਵੀ ਪੁੱਛਗਿੱਛ ਲਈ ਵਾਹਨ ਮਾਲਕਾਂ ਦੇ ਮਾਰਗ ਦਰਸ਼ਨ ਲਈ ਹੈਲਪਲਾਈਨ ਨੰਬਰ 7888498859 ਅਤੇ 7888498853 ਦਿੱਤੇ ਗਏ ਹਨ।
 


author

Babita

Content Editor

Related News