ਸ਼੍ਰੋਮਣੀ ਕਮੇਟੀ ਅਧੀਨ ਇਮਾਰਤੀ ਵਿਭਾਗ ਦੇ ਕੰਮਕਾਜ ਨੂੰ ਵੇਖੇਗੀ ''ਹਾਈ-ਪਾਵਰ ਕਮੇਟੀ'' : ਪ੍ਰੋ. ਬਡੂੰਗਰ

Saturday, Sep 09, 2017 - 07:10 AM (IST)

ਸ਼੍ਰੋਮਣੀ ਕਮੇਟੀ ਅਧੀਨ ਇਮਾਰਤੀ ਵਿਭਾਗ ਦੇ ਕੰਮਕਾਜ ਨੂੰ ਵੇਖੇਗੀ ''ਹਾਈ-ਪਾਵਰ ਕਮੇਟੀ'' : ਪ੍ਰੋ. ਬਡੂੰਗਰ

ਪਟਿਆਲਾ  (ਜੋਸਨ, ਪਰਮੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਕੂਲਾਂ-ਕਾਲਜਾਂ ਦੀਆਂ ਉਸਾਰੀ ਅਧੀਨ ਇਮਾਰਤਾਂ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਨੂੰ ਲੈ ਕੇ 'ਹਾਈ-ਪਾਵਰ ਕਮੇਟੀ' ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼-ਇਨ-ਸਿੱਖਇਜ਼ਮ ਬਹਾਦਰਗੜ੍ਹ ਵਿਖੇ ਇਮਾਰਤੀ ਵਿਭਾਗ, 'ਬੰਦੀ-ਛੋੜ ਦਿਵਸ' ਅਤੇ ਮਹਾਨ ਗੁਰਮਤਿ ਸਮਾਗਮ ਮਨਾਉਣ ਨੂੰ ਲੈ ਕੇ ਅਧਿਕਾਰੀਆਂ ਤੇ ਸਿੱਖ ਵਿਦਵਾਨਾਂ ਨਾਲ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਾਂ ਅਧੀਨ ਚੱਲ ਰਹੇ ਕੰਮਾਂ 'ਚ ਪਾਰਦਰਸ਼ਤਾ ਲਿਆਉਣ ਅਤੇ ਕੰਮਾਂ ਨੂੰ ਮਿਥੀ ਮਿਆਦ 'ਚ ਪੂਰਾ ਕਰਨ ਲਈ ਟੈਕਨੀਕਲ ਪ੍ਰਵਾਨਗੀ ਕਮੇਟੀ ਕੰਮਾਂ ਦੀ ਨਿਗਰਾਨੀ ਕਰੇਗੀ ਤਾਂ ਜੋ ਰੂਪ-ਰੇਖਾ ਉਲੀਕਣ ਮਗਰੋਂ ਉਸਾਰੀ ਅਧੀਨ ਚੱਲ ਰਹੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗਠਿਤ ਕਮੇਟੀ ਕੰਮਾਂ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ।
ਉਨ੍ਹਾਂ ਦੱਸਿਆ ਕਿ 'ਹਾਈ-ਪਾਵਰ ਕਮੇਟੀ' ਵਿਚ ਕੁਲਵੀਰ ਸਿੰਘ ਸ਼ੇਰਗਿੱਲ ਸਾਬਕਾ ਚੀਫ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਅਮਰਜੀਤ ਸਿੰਘ ਦੁੱਲਟ ਸਾਬਕਾ ਚੀਫ ਇੰਜੀਨੀਅਰ ਨਹਿਰੀ ਵਿਭਾਗ, ਸੁਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਐਕਸੀਅਨ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਐਡੀਸ਼ਨਲ ਸੈਕਟਰੀ ਹਰਭਜਨ ਸਿੰਘ ਮਨਾਵਾਂ ਨੂੰ ਕੋਆਰਡੀਨੇਟਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਪ੍ਰੋ. ਬਡੂੰਗਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੀਰੀ-ਪੀਰੀ ਦੇ ਮਾਲਕ ਪਾਤਿਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਸਾਲ 2019 'ਚ 400 ਸਾਲਾ 'ਬੰਦੀ-ਛੋੜ ਦਿਵਸ' ਸਮਾਗਮ ਮਨਾਉਣ ਦਾ ਫੈਸਲਾ ਕੀਤਾ ਗਿਆ, ਜਿਸ 'ਚ ਸਿੱਖ ਵਿਦਵਾਨਾਂ ਦੀ ਸਬ-ਕਮੇਟੀ ਬਣਾ ਦਿੱਤੀ ਗਈ ਹੈ। ਇਸ ਵਿਚ ਡਾ. ਪਰਮਵੀਰ ਸਿੰਘ ਮੁਖੀ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ, ਡਾ. ਚਮਕੌਰ ਸਿੰਘ ਅਸਿਸਟੈਂਟ ਡਾਇਰੈਕਟਰ, ਐੈੱਸ. ਜੀ. ਪੀ. ਸੀ. ਮੀਤ ਸਕੱਤਰ ਸਿਮਰਜੀਤ ਸਿੰਘ, ਡਾ. ਗੁਰਨਾਇਬ ਸਿੰਘ ਮੁਖੀ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਸ਼ਾਮਲ ਹਨ, ਜੋ ਸਮਾਗਮ ਦੀ ਰੂਪ-ਰੇਖਾ ਨੂੰ ਤਿਆਰ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਣਗੇ। ਉਨ੍ਹਾਂ ਦੱਸਿਆ ਕਿ ਸਬ-ਕਮੇਟੀ ਵੱਲੋਂ ਉਲੀਕੀ ਰੂਪ-ਰੇਖਾ ਨੂੰ ਅੰਤ੍ਰਿੰਗ ਕਮੇਟੀ 'ਚ ਲਿਆ ਕੇ ਕਾਰਜਸ਼ੀਲ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਨੂੰ ਹੋਰ ਅੱਗੇ ਤੋਰਦਿਆਂ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 25 ਸਤੰਬਰ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮਹਾਨ ਗੁਰਮਤਿ ਸਮਾਗਮ 'ਚ ਸੰਗਤਾਂ ਨੂੰ ਵੱਡੇ ਪੱਧਰ 'ਤੇ ਸ਼ਿਰਕਤ ਕਰਨ ਦੀ ਅਪੀਲ ਕੀਤੀ।


Related News