ਮੋਹਾਲੀ ''ਚ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਮਿਲਣਗੀਆਂ ਉੱਚ ਸਹੂਲਤਾਂ

Wednesday, Jul 15, 2020 - 12:59 PM (IST)

ਮੋਹਾਲੀ (ਨਿਆਮੀਆਂ, ਪਰਦੀਪ) : ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਤੀਜੇ ਦਰਜੇ ਦੀਆਂ ਸਿਹਤ ਸੰਸਥਾਵਾਂ 'ਚ ਬੈੱਡ ਰਾਖਵੇਂ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਵੱਡੇ ਮੈਡੀਕਲ ਬੁਨਿਆਦੀ ਢਾਂਚੇ ਵਾਲੇ ਨਿੱਜੀ ਹਸਪਤਾਲ ਬਿਨਾਂ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੇਅਰ ਸੇਵਾਵਾਂ ਮੁਹੱਈਆ ਕਰਨਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਹੁਤ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਤੀਜੇ ਦਰਜੇ ਦੀਆਂ ਵਧੀਆ ਮੈਡੀਕਲ ਸਹੂਲਤਾਂ ਵੱਡੇ ਹਸਪਤਾਲਾਂ 'ਚ ਉਨ੍ਹਾਂ ਮਰੀਜ਼ਾਂ ਵੱਲੋਂ ਲਈਆਂ ਜਾ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇਨ੍ਹਾਂ ਸਹੂਲਤਾਂ ਦੀ ਲੋੜ ਨਹੀਂ ਹੁੰਦੀ, ਸਗੋਂ ਸਿਰਫ ਮੈਡੀਕਲ ਨਿਗਰਾਨੀ/ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿਨ੍ਹਾਂ ਗੰਭੀਰ ਮਰੀਜ਼ਾਂ ਨੂੰ ਤੀਜੇ ਦਰਜੇ ਦੀਆਂ ਸਹੂਲਤਾਂ ਦੀ ਲੋੜ ਹੁੰਦੀ ਹੈ, ਉਹ ਉਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।

ਇਸ ਲਈ ਸਿਹਤ ਬੁਨਿਆਦੀ ਢਾਂਚੇ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਐੱਲ 3 ਸੰਸਥਾਵਾਂ 'ਚ ਸਿਰਫ ਗੰਭੀਰ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ਦੀ ਲੋੜ ਹੋਵੇ ਨਾ ਕਿ ਉਨ੍ਹਾਂ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਸਿਰਫ ਡਾਕਟਰੀ ਦੇਖਭਾਲ ਦੀ ਲੋੜ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕੋਈ ਘੱਟ ਗੰਭੀਰ ਮਰੀਜ਼ ਐੱਲ 3 ਹਸਪਤਾਲ 'ਚ ਇਸ ਲਈ ਦਾਖਲਾ ਲੈਂਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰ, ਜਿਨ੍ਹਾਂ ਨੂੰ ਹੋਰ ਬੀਮਾਰੀਆਂ ਹੋਣ ਜਾਂ ਉਹ ਆਪਣੇ ਛੋਟੇ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਅਜਿਹੀ ਸੂਰਤ 'ਚ ਉਹ ਹੋਟਲ 'ਚ ਦਾਖਲ ਹੋ ਕੇ ਵੱਡੇ ਹਸਪਤਾਲਾਂ ਤੋਂ ਹੋਮ ਕੇਅਰ ਇਲਾਜ ਦੀ ਸਹੂਲਤ ਲੈ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਫੋਰਟਿਸ ਅਤੇ ਮੈਕਸ ਹਸਪਤਾਲ ਮੋਹਾਲੀ ਵੱਲੋਂ ਘੱਟ ਗੰਭੀਰ ਮਰੀਜ਼ਾਂ ਨੂੰ ਹੋਮ ਕੇਅਰ ਪਲਾਨ ਰਾਹੀਂ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜਿਨ੍ਹਾਂ ਹੋਟਲਾਂ ਨੇ ਸਵੈ ਇਕਾਂਤਵਾਸ ਲਈ ਕਮਰੇ ਮੁਹੱਈਆ ਕਰਵਾਏ ਹਨ, ਉਨ੍ਹਾਂ 'ਚ ਹੋਟਲ ਵੁੱਡ ਕਰੈਸਟ ਜ਼ੀਰਕਪੁਰ, ਜੇ. ਡੀ. ਰੈਜੀਡੈਂਸੀ ਮੋਹਾਲੀ, ਰਾੱਕ ਲੈਂਡ ਜ਼ੀਕਰਪੁਰ, ਬਲੈਕ ਡਾਇੰਮਡ ਜ਼ੀਕਰਪੁਰ, ਰਾਇਲ ਪਾਰਕ ਜ਼ੀਕਰਪੁਰ, ਅਰੀਸਤਾ ਖਰੜ ਅਤੇ ਹੋਟਲ ਜੋਡੀਐੱਕ ਸ਼ਾਮਲ ਹਨ।


Babita

Content Editor

Related News