ਪੰਜਾਬ-ਹਰਿਆਣਾ ਹਾਈਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਕਤਲ
Tuesday, Dec 30, 2025 - 06:33 PM (IST)
ਮੋਹਾਲੀ (ਜੱਸੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਮੋਹਾਲੀ ਦੇ ਫੇਸ 5 'ਚ ਸਥਿਤ ਘਰ ਵਿਚ ਕਤਲ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਦੀ ਲਾਸ਼ ਫੇਜ਼ 5 'ਚ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਵਾਲੀ ਇਕ ਔਰਤ ਨੇ ਸਵੇਰੇ ਦੇਖੀ। ਮੌਕੇ 'ਤੇ ਦੇਖਿਆ ਤਾਂ ਗੋਇਲ ਦੇ ਘਰੇਲੂ ਨੌਕਰ ਨੂੰ ਕੁਰਸੀ ਦੇ ਨਾਲ ਬੰਨ੍ਹਿਆ ਹੋਇਆ ਸੀ। ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਪੁਲਸ ਅਨੁਸਾਰ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ, ਲੁਟੇਰਿਆਂ ਨੇ ਨੌਕਰ ਨੂੰ ਕੁਰਸੀ ਨਾਲ ਬੰਨ੍ਹਿਆ, ਗਹਿਣੇ ਅਤੇ ਨਕਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਭੱਜ ਗਏ। ਕ੍ਰਿਸ਼ਨ ਕੁਮਾਰ ਗੋਇਲ ਇਸ ਸਮੇਂ ਮਸਕਟ ਵਿਚ ਆਪਣੀ ਧੀ ਨੂੰ ਮਿਲਣ ਲਈ ਗਏ ਹੋਏ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਗਰਮਾ ਗਿਆ ਮਾਹੌਲ, ਪ੍ਰਤਾਪ ਬਾਜਵਾ ਦਾ ਬਿਆਨ ਸੁਣ ਤੱਤੇ ਹੋਏ ਮੰਤਰੀ ਸੌਂਦ
ਨੌਕਰ ਦੀ ਭੂਮਿਕਾ ਨੂੰ ਸ਼ੱਕੀ ਸਮਝਦੇ ਹੋਏ ਪੁਲਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨੌਕਰ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ। ਉਹ 25 ਸਾਲ ਦਾ ਹੈ ਅਤੇ ਪਿਛਲੇ 9 ਸਾਲਾਂ ਤੋਂ ਗੋਇਲ ਪਰਿਵਾਰ ਦੇ ਘਰ 'ਚ ਕੰਮ ਕਰ ਰਿਹਾ ਹੈ। ਪੁਲਸ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀ ਹੈ ਕਿ ਲੁਟੇਰਿਆਂ ਨੇ ਔਰਤ ਨੂੰ ਮਾਰਿਆ ਅਤੇ ਫਿਰ ਨੌਕਰ ਨੂੰ ਛੱਡ ਦਿੱਤਾ, ਹਾਲਾਂਕਿ ਨੌਕਰ ਉਨ੍ਹਾਂ ਲਈ ਵੱਡਾ ਖ਼ਤਰਾ ਸੀ ਅਤੇ ਉਸਨੂੰ ਕੁਰਸੀ ਨਾਲ ਬੰਨ੍ਹਕੇ ਜ਼ਿੰਦਾ ਕਿਵੇਂ ਛੱਡ ਗਏ। ਫਿਲਹਾਲ ਪੁਲਸ ਵੱਲੋਂ ਵਾਰਦਾਤ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
