ਵਿਆਹੇ ਲੋਕਾਂ ਨੂੰ ਦੂਜੇ ਲੋਕਾਂ ਨਾਲ ''ਲਿਵ-ਇਨ'' ''ਚ ਰਹਿਣ ਲਈ ਸੁਰੱਖਿਆ ਦੇਣ ਤੋਂ ਹਾਈਕੋਰਟ ਨੇ ਕੀਤਾ ਇਨਕਾਰ
Saturday, Jul 27, 2024 - 04:11 AM (IST)
ਚੰਡੀਗੜ੍ਹ (ਰਮੇਸ਼ ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਤੋਂ ਹੀ ਵਿਆਹੇ ਹੋਏ ਜੋੜੇ, ਜੋ ਕਿ ਲਿਵ-ਇਨ'ਚ ਰਹਿ ਰਹੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਖ਼ਤਰੇ ਦੇ ਡਰੋਂ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਿਹੜੇ ਵਿਆਹੁਤਾ ਜੋੜੇ ਆਪਣੇ ਮਾਪਿਆਂ ਦੇ ਘਰੋਂ ਭੱਜ ਕੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹਨ, ਉਹ ਆਪਣੇ ਮਾਪਿਆਂ ਦਾ ਨਾਂ ਬਦਨਾਮ ਕਰ ਰਹੇ ਹਨ ਅਤੇ ਆਪਣੇ ਮਾਪਿਆਂ ਦੇ ਇੱਜ਼ਤ ਨਾਲ ਰਹਿਣ ਦੇ ਅਧਿਕਾਰ ਦੀ ਵੀ ਉਲੰਘਣਾ ਕਰ ਰਹੇ ਹਨ।
ਅਦਾਲਤ ਨੇ ਕਿਹਾ ਕਿ ਭਾਰਤ ਲਿਵ-ਇਨ ਰਿਲੇਸ਼ਨਸ਼ਿਪ ਦੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਿਹਾ ਹੈ। ਜੇਕਰ ਉਹ ਮੰਨਦਾ ਹੈ ਕਿ ਪਟੀਸ਼ਨਰਾਂ ਦਾ ਆਪਸ ਵਿਚ ਰਿਸ਼ਤਾ ਵਿਆਹ ਦੀ ਪ੍ਰਕਿਰਤੀ ਵਿਚ ਇਕ ਰਿਸ਼ਤਾ ਹੈ, ਤਾਂ ਇਹ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨਾਲ ਬੇਇਨਸਾਫ਼ੀ ਹੋਵੇਗੀ, ਜਿਨ੍ਹਾਂ ਨੇ ਇਸ ਰਿਸ਼ਤੇ ਨੂੰ ਮਾਣ ਨਾਲ ਨਿਭਾਇਆ ਹੈ।
‘ਲਿਵ-ਇਨ ਰਿਲੇਸ਼ਨਸ਼ਿਪ’ ਜੋੜਿਆਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰਦੇ ਹੋਏ, ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਇਕ ਵਿਆਹੁਤਾ ਆਦਮੀ ਅਤੇ ਔਰਤ ਜਾਂ ਇਕ ਵਿਆਹੁਤਾ ਔਰਤ ਅਤੇ ਇਕ ਪੁਰਸ਼ ਵਿਚਕਾਰ ਲਿਵ-ਇਨ ਰਿਲੇਸ਼ਨਸ਼ਿਪ ਵਿਆਹ ਦੇ ਬਰਾਬਰ ਨਹੀਂ ਹੈ, ਕਿਉਂਕਿ ਇਹ ਵਿਭਚਾਰ ਅਤੇ ਦੂਜੇ ਵਿਆਹ ਦੇ ਬਰਾਬਰ ਹੈ, ਜਿਸ ਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਅਜਿਹੀਆਂ ਔਰਤਾਂ ਕਿਸੇ ਵੀ ਸੁਰੱਖਿਆ ਦੀ ਹੱਕਦਾਰ ਨਹੀਂ ਹਨ। ਪਟੀਸ਼ਨਰ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਹਨ ਕਿ ਉਹ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਹਨ, ਇਸ ਲਈ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿਚ ਨਹੀਂ ਆ ਸਕਦੇ। ਇਸ ਤੋਂ ਇਲਾਵਾ ਪਟੀਸ਼ਨਰ ਨੰਬਰ 2 ਨੇ ਆਪਣੀ ਪਿਛਲੀ ਪਤਨੀ ਤੋਂ ਤਲਾਕ ਨਹੀਂ ਲਿਆ ਹੈ। ਸਾਰੇ ਲਿਵ-ਇਨ ਰਿਸ਼ਤੇ ਵਿਆਹ ਦੇ ਸੁਭਾਅ ਵਿਚ ਨਹੀਂ ਹੁੰਦੇ। ਪਟੀਸ਼ਨਰ ਨੰਬਰ 1 ਦਾ ਦਰਜਾ ਪਤਨੀ ਤੋਂ ਨੀਵਾਂ ਹੈ ਅਤੇ ਇਹ ਰਿਸ਼ਤਾ ਡੀ.ਵੀ. ਐਕਟ ਦੇ ਤਹਿਤ ਘਰੇਲੂ ਰਿਸ਼ਤੇ ਦੀ ਪਰਿਭਾਸ਼ਾ ਦੇ ਅੰਦਰ ਨਹੀਂ ਆਉਂਦਾ ਹੈ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਪੱਛਮੀ ਸੱਭਿਆਚਾਰ ਕਾਰਨ ਰੱਦ ਨਹੀਂ ਕੀਤਾ ਜਾ ਸਕਦਾ
ਕੋਰਟ ਨੇ ਕਿਹਾ ਕਿ ਪਟੀਸ਼ਨਰ ਆਪਣੇ ਮਾਤਾ-ਪਿਤਾ ਦੇ ਘਰੋਂ ਭੱਜ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਅਤੇ ਨਾ ਸਿਰਫ ਪਰਿਵਾਰ ਨੂੰ ਬਦਨਾਮ ਕਰ ਰਹੇ ਹਨ, ਸਗੋਂ ਮਾਪਿਆਂ ਦੇ ਸਨਮਾਨ ਨੂੰ ਵੀ ਠੇਸ ਪਹੁੰਚਾ ਰਹੇ ਹਨ। ਉਪਰੋਕਤ ਟਿੱਪਣੀਆਂ ਉਨ੍ਹਾਂ ਮਾਮਲਿਆਂ ਵਿਚ ਆਈਆਂ ਹਨ, ਜਿਨ੍ਹਾਂ ਵਿਚ ਜੋੜਿਆਂ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਪਹਿਲੇ ਮਾਮਲੇ ’ਚ 40 ਸਾਲਾ ਔਰਤ 44 ਸਾਲਾ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਸੀ।
ਅਦਾਲਤ ਨੇ ਕਿਹਾ ਕਿ ਪੁਰਸ਼ ਅਤੇ ਔਰਤ ਦੋਵੇਂ ਪਹਿਲਾਂ ਹੀ ਦੂਜੇ ਵਿਅਕਤੀਆਂ ਨਾਲ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਬੱਚੇ ਸਨ। ਔਰਤ ਨੇ 2013 ਵਿਚ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ, ਪੁਰਸ਼ ਦੀ ਅਜੇ ਵੀ ਇਕ ਪਤਨੀ ਅਤੇ ਇਕ ਬੱਚਾ ਹੈ। ਪਟੀਸ਼ਨਾਂ ਨੂੰ ਖਾਰਜ ਕਰਦਿਆਂ ਜਸਟਿਸ ਮੌਦਗਿਲ ਨੇ ਕਿਹਾ ਕਿ ਵਿਆਹ ਇਕ ਪਵਿੱਤਰ ਰਿਸ਼ਤਾ ਹੈ, ਜਿਸ ਦੇ ਕਾਨੂੰਨੀ ਨਤੀਜੇ ਅਤੇ ਮਹਾਨ ਸਮਾਜਿਕ ਸਨਮਾਨ ਹੁੰਦਾ ਹੈ, ਜਿਸ ਨੂੰ ਪੱਛਮੀ ਸੱਭਿਆਚਾਰ ਕਾਰਨ ਰੱਦ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਕ-ਦੋ ਨੂੰ ਛੱਡ ਕੇ ਬਾਕੀ ਸਾਰੇ DEOs ਕੀਤੇ ਗਏ ਇੱਧਰੋਂ-ਉੱਧਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e