ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਪਰਤੇ ਚੰਨੀ, ਨਵੀਂ ਕੈਬਨਿਟ ਦਾ ਐਲਾਨ ਜਲਦ

Saturday, Sep 25, 2021 - 11:25 AM (IST)

ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਪਰਤੇ ਚੰਨੀ, ਨਵੀਂ ਕੈਬਨਿਟ ਦਾ ਐਲਾਨ ਜਲਦ

ਚੰਡੀਗੜ੍ਹ : ਬੀਤੀ ਸ਼ਾਮ ਹਾਈਕਮਾਨ ਦੇ ਬੁਲਾਵੇ ’ਤੇ ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਪਰਤ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਨਵੀਂ ਕੈਬਨਿਟ ਦੇ ਵਿਸਥਾਰ ਲਈ ਚੰਨੀ ਵਲੋਂ ਲਗਾਤਾਰ ਹਾਈਕਮਾਨ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਪੰਜਾਬ ਦੇ ਨਵੀਂ ਕੈਬਨਿਟ ਲਈ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ ਅਤੇ ਅੱਜ ਭੱਲ ਕੇ ਇਸ ਦਾ ਐਲਾਨ ਹੋ ਸਕਦਾ ਹੈ। ਚਰਚਾ ਇਹ ਵੀ ਹੈ ਕਿ ਸੋਮਵਾਰ ਨੂੰ ਨਵੇਂ ਚੁਣੇ ਜਾਣ ਵਾਲੇ ਵਜ਼ੀਰਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਚਾਰ ਦਿਨਾਂ ਵਿਚ ਮੁੱਖ ਮੰਤਰੀ ਨੂੰ ਤਿੰਨ ਵਾਰ ਦਿੱਲੀ ਬੁਲਾਇਆ ਜਾ ਚੁੱਕਾ ਹੈ। ਸ਼ੁੱਕਰਵਾਰ ਸ਼ਾਮ ਦਿੱਲੀ ਲਈ ਰਵਾਨਾ ਹੋਏ ਚਰਨਜੀਤ ਚੰਨੀ ਲਗਭਗ ਰਾਤ ਸਵਾ 10 ਵਜੇ ਦੇ ਕਰੀਬ ਮੀਟਿੰਗ ਲਈ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਪੁੱਜੇ। ਮੀਟਿੰਗ ਵਿਚ ਕੇ. ਸੀ. ਵੇਣੂਗੋਪਾਲ, ਅਜੈ ਮਾਕਨ, ਹਰੀਸ਼ ਰਾਵਤ ਅਤੇ ਹੋਰ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ

ਮੁੱਖ ਮੰਤਰੀ ਚੰਨੀ ਦੇ ਇਕੱਲੇ ਜਾਣ ’ਤੇ ਛਿੜੀ ਚਰਚਾ
ਮੁੱਖ ਮੰਤਰੀ ਚਰਨਜੀਤ ਚੰਨੀ ਦੇ ਦੋ ਵਾਰ ਦਿੱਲੀ ਇਕੱਲੇ ਚਲੇ ਜਾਣ ਤੋਂ ਨਵੇਂ ਚਰਚੇ ਛਿੜ ਗਏ ਹਨ। ਲੰਘੇ ਕੱਲ੍ਹ ਅਤੇ ਅੱਜ ਮੁੱਖ ਮੰਤਰੀ ਦੋਵਾਂ ਉਪ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ  ਨੂੰ ਵੀ ਆਪਣੇ ਨਾਲ ਲੈ ਕੇ ਨਹੀਂ ਗਏ ਹਨ। ਲੰਘੇ ਦਿਨਾਂ ’ਚ ਨਵਜੋਤ ਸਿੱਧੂ ਦੇ ਚੰਨੀ ਨਾਲ ਪਰਛਾਵੇਂ ਵਾਂਗ ਨਾਲ ਚੱਲਣ ਤੋਂ ਵਿਰੋਧੀ ਧਿਰਾਂ ਨੇ ਚੰਨੀ ਨੂੰ ਨਸੀਹਤਾਂ ਦਣੀਆਂ ਸ਼ੁਰੂ ਕੀਤੀਆਂ ਸਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਚੰਨੀ ਤਾਂ ਸਿਰਫ ਨਾਂ ਦੇ ਮੁੱਖ ਮੰਤਰੀ ਹਨ ਜਦਕਿ ਅਸਲ ਕੰਮ ਤਾਂ ਨਵਜੋਤ ਸਿੱਧੂ ਕਰ ਰਹੇ ਹਨ।

ਇਹ ਵੀ ਪੜ੍ਹੋ : ਕੈਪਟਨ ਨੂੰ ਬੀਬੀ ਸਿੱਧੂ ਦਾ ਠੋਕਵਾਂ ਜਵਾਬ, ਜੇ ਪਾਰਟੀ ਦੇ ਫ਼ੈਸਲੇ ਪਸੰਦ ਨਹੀਂ ਤਾਂ ਛੱਡ ਦਿਓ ਕਾਂਗਰਸ

 


author

Gurminder Singh

Content Editor

Related News