ਪੰਜਾਬ ''ਚ ਹਾਈ ਅਲਰਟ, ਪੁਲਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ, ਦੀਵਾਲੀ ਦੇ ਮੱਦੇਨਜ਼ਰ...

Wednesday, Oct 15, 2025 - 10:44 AM (IST)

ਪੰਜਾਬ ''ਚ ਹਾਈ ਅਲਰਟ, ਪੁਲਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ, ਦੀਵਾਲੀ ਦੇ ਮੱਦੇਨਜ਼ਰ...

ਚੰਡੀਗੜ੍ਹ (ਅੰਕੁਰ) : ਦੀਵਾਲੀ ਦੇ ਮੱਦੇਨਜ਼ਰ ਡੀ. ਜੀ. ਪੀ. ਗੌਰਵ ਯਾਦਵ ਨੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਸੂਬੇ ਭਰ ’ਚ ਪੁਲਸ ਫੋਰਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ-ਅਲਰਟ ਨਾਕਿਆਂ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਏ. ਡੀ. ਜੀ. ਪੀ. ਐਂਟੀ-ਗੈਂਗਸਟਰ ਟਾਸਕ ਫੋਰਸ ਪ੍ਰਮੋਦ ਬਾਨ ਤੇ ਏ. ਡੀ. ਜੀ. ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨਾਲ ਦੋ ਪੁਲਸ ਜ਼ਿਲ੍ਹਿਆਂ ਤਰਨਤਾਰਨ ਅਤੇ ਬਟਾਲਾ ’ਚ ਸੁਰੱਖਿਆ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਨਾਰਕੋ-ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਉੱਭਰ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਤਿਉਹਾਰਾਂ ਦੇ ਸੀਜ਼ਨ ਦੀਆਂ ਤਿਆਰੀਆਂ ਤੇ ਪੁਲਸ ਫੋਰਸ ਦੀ ਤਾਇਨਾਤੀ ਦਾ ਵੀ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ ’ਚ ਨਾਰਕੋ-ਅੱਤਵਾਦ ਫੈਲਾ ਰਿਹਾ ਹੈ।

ਇਹ ਵੀ ਪੜ੍ਹੋ : PUNJAB : ਹੈਰਾਨੀਜਨਕ! ਪੁਲਸ ਦੇਖ ਬੰਦੇ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਹੀ ਹੋ ਗਈ ਮੌਤ

ਪਿਛਲੇ ਕੁੱਝ ਦਿਨਾਂ ’ਚ ਪਾਕਿਸਤਾਨ ਨਾਰਕੋ-ਅੱਤਵਾਦ ਨੂੰ ਬੜ੍ਹਾਵਾ ਦੇ ਕੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ, ਪਰ ਪੰਜਾਬ ਪੁਲਿਸ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਸਰਗਰਮੀ ਨਾਲ ਨਾਕਾਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖ਼ੇਪ ਦੀ ਢੋਆ-ਢੁਆਈ ਲਈ ਡਰੋਨ ਅਤੇ ਹੋਰ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਵਾਈ ਖ਼ਤਰੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੁਆਰਾ ਤਾਇਨਾਤ ਐਂਟੀ-ਡਰੋਨ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 2024 ਤੋਂ ਹੁਣ ਤੱਕ ਪੰਜਾਬ ਪੁਲਸ ਨੇ 90 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 26 ਅੱਤਵਾਦੀ ਮਾਡਿਊਲਾਂ ਦਾ ਪਰਦਾਫ਼ਾਸ਼ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਹਥਿਆਰ, ਵਿਸਫੋਟਕ, ਗੋਲੀ-ਸਿੱਕਾ, ਹੱਥਗੋਲੇ ਤੇ ਆਰ.ਡੀ.ਐਕਸ. ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਸੰਗਠਿਤ ਅਪਰਾਧ ਦੇ ਸਬੰਧ ’ਚ ਉਨ੍ਹਾਂ ਨੇ ਉਨ੍ਹਾਂ ਮਾਮਲਿਆਂ ਦੀ ਸਮੀਖਿਆ ਕੀਤੀ, ਜਿਨ੍ਹਾਂ ’ਚ ਗ੍ਰਿਫ਼ਤਾਰੀਆਂ ਹਾਲੇ ਲੰਬਿਤ ਹਨ।

ਇਹ ਵੀ ਪੜ੍ਹੋ : PGI 'ਚ IPS ਵਾਈ. ਪੂਰਨ ਕੁਮਾਰ ਦਾ ਪੋਸਟਮਾਰਟਮ ਸ਼ੁਰੂ, ਅੱਜ ਸ਼ਾਮ ਨੂੰ ਕੀਤਾ ਜਾਵੇਗਾ ਅੰਤਿਮ ਸੰਸਕਾਰ

ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੰਗਠਿਤ ਅਪਰਾਧ ਦੇ ਮਾਹੌਲ ਨੂੰ ਮੁਕੰਮਲ ਰੂਪ ’ਚ ਖ਼ਤਮ ਕਰਨ ਲਈ ਪੇਸ਼ੇਵਰ ਤੇ ਵਿਗਿਆਨਕ ਜਾਂਚ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਤਵਾਦੀ ਨੈੱਟਵਰਕਾਂ ਜਾਂ ਸੰਗਠਿਤ ਅਪਰਾਧ ਨਾਲ ਜੁੜੇ 203 ਵਿਦੇਸ਼ੀ ਹੈਂਡਲਰਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਲਿਆ ਕੇ ਉਨ੍ਹਾਂ ਅਪਰਾਧੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ/ਬਲੂ ਕਾਰਨਰ ਨੋਟਿਸ ਜਾਰੀ ਕਰਨ ਲਈ ਪ੍ਰਕਿਰਿਆ ਆਰੰਭ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ‘ਸੇਫ ਪੰਜਾਬ’ ਵ੍ਹਟਸਐਪ ਚੈਟਬੋਟ ਪੋਰਟਲ 9779100200 ਤੇ ਮਿਲੀਆਂ ਸੂਚਨਾਵਾਂ ’ਚੋਂ 33 ਫ਼ੀਸਦੀ ’ਤੇ ਕਾਰਵਾਈ ਕਰਨ ਦਾ ਮਿਸਾਲੀ ਰਿਕਾਰਡ ਬਣਾਇਆ ਹੈ, ਲੋਕਾਂ ਤੋਂ ਪ੍ਰਾਪਤ ਜਾਣਕਾਰੀ ਨਾਲ 7285 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਇਸ ਚੈਟਬੋਟ ’ਤੇ ਨਸ਼ਾ ਤਸਕਰਾਂ ਬਾਰੇ ਗੁਪਤ ਰੂਪ ’ਚ ਜਾਣਕਾਰੀ ਸਾਂਝੀ ਕਰਨ ਲਈ ਕਿਹਾ। ਇਸ ਮੌਕੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਆਈ. ਜੀ. ਫ਼ਿਰੋਜ਼ਪੁਰ ਰੇਂਜ ਨੀਲਾਂਬਰੀ ਜਗਦਲੇ, ਡੀ. ਆਈ. ਜੀ. ਬਾਰਡਰ ਰੇਂਜ ਨਾਨਕ ਸਿੰਘ, ਡੀ. ਆਈ. ਜੀ. ਏ. ਜੀ. ਟੀ. ਐੱਫ. ਗੁਰਮੀਤ ਚੌਹਾਨ, ਐੱਸ. ਐੱਸ. ਪੀ. ਤਰਨਤਾਰਨ ਰਵਜੋਤ ਕੌਰ ਗਰੇਵਾਲ, ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News