ਗੁਰਦਾਸਪੁਰ ਸਰਹੱਦ ਤੋਂ 110 ਕਰੋੜ ਦੀ ਹੈਰੋਇਨ ਤੇ ਅਸਲਾ ਬਰਾਮਦ, ਜਵਾਨਾਂ ਵਲੋਂ ਫਾਇਰਿੰਗ

01/17/2020 9:48:20 AM

ਦੀਨਾਨਗਰ (ਵਿਨੋਦ) : ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੀ ਕੌਮਾਂਤਰੀ ਸਰਹੱਦ 'ਤੇ ਬੀ. ਐੱਸ. ਐੱਫ. ਦੀ 58 ਬਟਾਲੀਅਨ ਨੇ ਚੌਂਤਰਾ ਪੋਸਟ 'ਤੇ 22.5 ਕਿੱਲੋ ਹੈਰੋਇਨ, 2 ਮੋਬਾਇਲ, ਇਕ ਡੌਂਗਲ, 4 ਜੋੜੇ ਬੂਟ ਅਤੇ 100 ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ ਹਨ। ਸੂਤਰਾਂ ਮੁਤਾਬਕ ਇਹ ਹੈਰੋਇਨ ਪਾਕਿਸਤਾਨ ਵਲੋਂ ਸੁੱਟੀ ਗਈ ਸੀ।  ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਤੜਕੇ ਸਵੇਰੇ ਕਰੀਬ 3.55 'ਤੇ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨ ਚੌਂਤਰਾ ਪੋਸਟ 'ਤੇ ਡਿਊਟੀ ਦੇ ਰਹੇ ਸਨ ਤਾਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੇੜੇ ਹਲਚਲ ਹੁੰਦੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਕੀਤੀ ਪਰ ਤਸਕਰ ਪਾਕਿਸਤਾਨ ਵਾਲੇ ਪਾਸੇ ਭੱਜਣ 'ਚ ਸਫਲ ਹੋ ਗਏ।

PunjabKesari

ਇਸ ਤੋਂ ਬਾਅਦ ਸਰਚ ਕਰਨ 'ਤੇ ਕੰਡਿਆਲੀ ਤਾਰ ਨੇੜਿਓਂ ਇਕ ਪਾਈਪ ਮਿਲਿਆ, ਜਿਸ ਦੀ ਜਾਂਚ ਕਰਨ 'ਤੇ ਇਸ 'ਚੋਂ 22 ਪੈਕਟ ਹੈਰੋਇਨ ਅਤੇ ਬਾਕੀ ਸਮਾਨ ਬਰਾਮਦ ਹੋਇਆ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 110 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਜਵਾਨਾਂ ਵਲੋਂ ਇਲਾਕੇ 'ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।ਹਾਲਾਂਕਿ ਬੀ. ਐੱਸ. ਐੱਫ. ਅਧਿਕਾਰੀ ਅਜੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਸਰਹੱਦ 'ਤੇ ਇਸ ਤੋਂ ਪਹਿਲਾਂ ਵੀ ਹੈਰੋਇਨ ਫੜ੍ਹੀ ਜਾਂਦੀ ਰਹੀ ਹੈ ਪਰ ਨਵੇਂ ਸਾਲ 'ਚ ਇਹ ਪਹਿਲਾ ਮੌਕਾ ਹੈ।


Babita

Content Editor

Related News