ਰੰਜਿਸ਼ਨ ਕਾਰ ਰੋਕ ਕੇ ਵਿਅਕਤੀ ਦੀ ਕੁੱਟਮਾਰ
Thursday, Nov 05, 2026 - 05:22 PM (IST)
ਫਿਰੋਜ਼ਪੁਰ (ਪਰਮਜੀਤ, ਕੁਮਾਰ, ਖੁੱਲਰ, ਮਲਹੋਤਰਾ) : ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਮੋਹਕਮ ਭੱਟੀ ਵਿਖੇ ਰੰਜਿਸ਼ ਅਤੇ ਬਹਿਸਬਾਜ਼ੀ ਕਾਰਨ ਇਕ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੁੱਲਗੜ੍ਹੀ ਪੁਲਸ ਨੇ 3 ਨਾਮਜ਼ਦ ਵਿਅਕਤੀਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਲਵਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੋਹਕਮ ਭੱਟੀ ਨੇ ਦੱਸਿਆ ਕਿ 29 ਸਤੰਬਰ ਨੂੰ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਨਿਰਮਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸੈਦਾਂ ਵਾਲਾ ਅਤੇ ਸਾਰਜ ਸਿੰਘ ਪੁੱਤਰ ਰੰਗਾ ਸਿੰਘ ਵਾਸੀ ਗਡੋਡੂ ਭੱਟੀ ਉਥੇ ਆਏ, ਜੋ ਕਿ ਉਸ ਦੇ ਪੁਰਾਣੇ ਦੋਸਤ ਸਨ। ਗੱਲਾਂ-ਗੱਲਾਂ ’ਚ ਉਨ੍ਹਾਂ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਘਰਦਿਆਂ ਨੇ ਲਵਜੀਤ ਨੂੰ ਅੰਦਰ ਬੁਲਾ ਲਿਆ।
ਲਵਜੀਤ ਸਿੰਘ ਨੇ ਦੱਸਿਆ ਕਿ ਕੁਝ ਦੇਰ ਬਾਅਦ ਜਦੋਂ ਉਹ ਆਪਣੇ ਦੋਸਤਾਂ ਰੋਬਿਨ ਅਤੇ ਲਕਸ਼ਦੀਪ ਸਿੰਘ ਉਰਫ਼ ਲੱਕੀ ਨਾਲ ਆਪਣੀ ਕਾਰ ’ਚ ਸ਼ਹਿਰ ਵੱਲ ਜਾ ਰਿਹਾ ਸੀ, ਤਾਂ ਪਿੰਡ ਮੋਹਕਮ ਭੱਟੀ ਲਿੰਕ ਰੋਡ ਲੁੱਕ ਪਲਾਟ ਨੇੜੇ ਇਕ ਕੋਰੋਲਾ ਕਾਰ ਨੇ ਪਿੱਛੋਂ ਆ ਕੇ ਉਨ੍ਹਾਂ ਦੀ ਕਾਰ ਅੱਗੇ ਲਾ ਕੇ ਰਸਤਾ ਰੋਕ ਲਿਆ। ਉਨ੍ਹਾਂ ਦੱਸਿਆ ਕਿ ਸਾਰਜ ਸਿੰਘ, ਗੁਰਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਗੱਡੀ ’ਚੋਂ ਬਾਹਰ ਨਿਕਲੇ। ਸਾਰਜ ਸਿੰਘ ਕੋਲ ਕਿਰਪਾਨ ਅਤੇ ਗੁਰਪ੍ਰੀਤ ਸਿੰਘ ਕੋਲ ਬੇਸਬਾਲ ਸੀ। ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਕਾਰ ’ਚੋਂ ਬਾਹਰ ਖਿੱਚ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
