ਡਿਜੀਟਲ ਲਾਈਫ ਸਰਟੀਫਿਕੇਟ ਬਣਾਉਣ ਦਾ ਕਹਿ ਕੇ ਬਜ਼ੁਰਗ ਦੇ ਖ਼ਾਤੇ ''ਚੋਂ ਉਡਾਏ 1.82 ਲੱਖ ਰੁਪਏ
Thursday, Oct 29, 2026 - 03:35 PM (IST)
ਫਿਰੋਜ਼ਪੁਰ (ਮਲਹੋਤਰਾ) : ਇੱਕ ਠੱਗ ਨੇ ਬਜ਼ੁਰਗ ਨੂੰ ਫੋਨ ਕਰਕੇ ਉਸਦਾ ਡਿਜੀਟਲ ਲਾਈਫ ਸਰਟੀਫਿਕੇਟ ਬਣਾਉਣ ਦਾ ਕਹਿ ਕੇ ਉਸਦੇ ਖ਼ਾਤੇ ਤੋਂ 1.82 ਲੱਖ ਰੁਪਏ ਟਰਾਂਸਫਰ ਕਰਵਾ ਲਏ। ਫਰੈਂਕ ਡੇਵਿਡ ਪੁੱਤਰ ਸ਼ਾਮ ਲਾਲ ਵਾਸੀ ਵਿਕਾਸ ਵਿਹਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਠੱਗ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਹੈ। ਇੰਸਪੈਕਟਰ ਸੁਖਬੀਰ ਕੌਰ ਦੇ ਅਨੁਸਾਰ ਸ਼ਿਕਾਇਤ ਕਰਤਾ ਨੇ ਹੈਲਪਲਾਈਨ ਨੰਬਰ 1930 'ਤੇ ਸ਼ਿਕਾਇਤ ਦਿੱਤੀ ਸੀ ਕਿ 20 ਅਕਤੂਬਰ ਨੂੰ ਉਸ ਦੇ ਵਟਸਐਪ ਨੰਬਰ 'ਤੇ ਇੱਕ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸਿਆ ਅਤੇ ਉਨ੍ਹਾਂ ਦਾ ਡਿਜੀਟਲ ਲਾਈਫ ਸਰਟੀਫਿਕੇਟ ਬਣਾਉਣ ਦੀ ਗੱਲ ਆਖੀ।
ਸ਼ਿਕਾਇਤ ਕਰਤਾ ਨੇ ਉਕਤ ਠੱਗ ਨੂੰ ਸੱਚ ਮੰਨਦੇ ਹੋਏ ਆਪਣੇ ਬੈਂਕ ਦਾ ਵੇਰਵਾ ਉਸ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਠੱਗ ਨੇ ਉਨਾਂ ਦੇ ਖ਼ਾਤੇ ਤੋਂ 1.82 ਲੱਖ ਰੁਪਏ ਟਰਾਂਸਫਰ ਕਰਵਾ ਲਏ। ਸ਼ਿਕਾਇਤ ਕਰਤਾ ਨੂੰ ਜਦ ਇਸ ਸਬੰਧੀ ਪਤਾ ਲੱਗਾ ਤਾਂ ਉਸ ਨੇ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਿੱਤੀ।
