ਪੰਜ ਸੌ ਮੀਟਰ ਦੇ ਘੇਰੇ ਅੰਦਰ ਪੈਂਦੇ ਦੋ ਸੈਲਾ ਪਲਾਂਟ ਕਦੇ ਵੀ ਬਣ ਸਕਦੇ ਨੇ ਬੱਚਿਆਂ ਦੀ ਜਾਨ ਲਈ ਖਤਰਾ

Thursday, Sep 28, 2017 - 02:17 PM (IST)

ਪੰਜ ਸੌ ਮੀਟਰ ਦੇ ਘੇਰੇ ਅੰਦਰ ਪੈਂਦੇ ਦੋ ਸੈਲਾ ਪਲਾਂਟ ਕਦੇ ਵੀ ਬਣ ਸਕਦੇ ਨੇ ਬੱਚਿਆਂ ਦੀ ਜਾਨ ਲਈ ਖਤਰਾ

ਪਾਤੜਾਂ (ਮਾਨ)-ਗਰਾਮ ਯੋਜਨਾਬੰਦੀ ਵਿਭਾਗ ਵੱਲੋਂ ਸੀ. ਐੱਲ. ਯੂ. ਨਾ ਦੇਣ ਤੋਂ ਬਾਅਦ ਧੜੱਲੇ ਨਾਲ ਚੱਲ ਰਹੇ ਹੈਲਿਕਸ ਐਜੂਕੇਸ਼ਨ ਸੋਸਾਇਟੀ ਅਤੇ ਸਪਾਰਕਲਿੰਗ ਕਿਡਜ਼ ਦੀ ਫਾਊਂਡੇਸਨ ਨੂੰ ਉਪ ਮੰਡਲ ਮੈਜਿਸਟਰੇਟ ਨੇ ਅੱਜ ਦਫਤਰ ਪਹੁੰਚ ਕੇ ਲੋੜੀਂਦੇ ਕਾਗਜ਼ ਚੈੱਕ ਕਰਾਉਣ ਲਈ ਕਿਹਾ ਗਿਆ ਸੀ ਪਰ ਉਕਤ ਦੋਵਾਂ ਸਕੂਲਾਂ ਵੱਲੋਂ ਕੋਈ ਵੀ ਦਫਤਰ ਵਿਖੇ ਹਾਜ਼ਰ ਨਹੀਂ ਹੋਇਆ। ਕੇਸ ਦੀ ਸੁਣਵਾਈ ਮੌਕੇ ਉੱਪ ਮੰਡਲ ਮੈਜਿਸਟਰੇਟ ਨੇ ਦੁਬਾਰਾ ਪੇਸ਼ ਹੋਣ ਲਈ ਆਖਰੀ ਮੌਕਾ ਦਿੱਤਾ ਹੈ ਅਤੇ ਇਸ ਮਾਮਲੇ ਵਿਚ ਨਗਰ ਕੌਂਸਲ ਪਾਤੜਾਂ ਤੋਂ ਵੀ ਟਿੱਪਣੀ ਮੰਗੀ ਹੈ। ਸ਼ਿਕਾਇਤਕਰਤਾ ਆਜ਼ਾਦਵਿੰਦਰ ਸਿੰਘ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਸਕੂਲ ਪ੍ਰਬੰਧਕਾਂ ਨਾਲ ਮਿਲਿਆ ਹੋਇਆ ਹੈ, ਕੋਈ ਐਕਸ਼ਨ ਲੈਣ ਦੀ ਬਜਾਏ ਖਾਨਾਪੂਰਤੀ ਕਰਕੇ ਸ਼ਿਕਾਇਤ ਨੂੰ ਦਫਤਰ ਵਿਖੇ ਦਖਲ ਕਰਨਾ ਚਾਹੁੰਦਾ ਹੈ ਜਦੋਂਕਿ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਐੱਸ. ਡੀ. ਐੱਮ. ਨੂੰ ਲਿਖਿਆ ਸੀ ਪਰ ਫਿਰ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਮਾਲ ਵਿਭਾਗ ਨੇ ਹੈਲਿਕਸ ਲਈ 13 ਕਨਾਲ 18 ਮਰਲੇ ਜ਼ਮੀਨ ਦੀ ਕਿਸਮ ਚਾਹੀ ਦੀ ਥਾਂ 'ਤੇ ਗੈਰਮੁਮਕਿਨ ਸਕੂਲ ਕਰ ਦਿੱਤੀ ਜਦੋਂਕਿ ਜ਼ਮੀਨ 12 ਸੰਤਬਰ 2013 ਨੂੰ ਇੰਤਕਾਲ ਨੰਬਰ 4660 ਰਾਹੀਂ ਹੈਲਿਕਸ ਐਜੂਕੇਸ਼ਨ ਸੋਸਾਇਟੀ ਨੂੰ 20 ਸਾਲਾਂ ਲਈ ਪਟੇ 'ਤੇ ਦਿੱਤੀ ਹੈ ਅਤੇ ਅਗਲੇ ਹੀ ਮਹੀਨੇ ਅਕਤੂਬਰ 2013 ਵਿਚ ਜ਼ਮੀਨ ਚਾਹੀ ਤੋਂ ਗੈਰਮੁਮਕਿਨ ਕਿਵੇਂ ਹੋ ਗਈ ਕਿਉਂਕਿ ਸੰਸਥਾ ਦੀ ਇਮਾਰਤ ਨੂੰ ਖੜ੍ਹਾ ਕਰਨ ਲਈ ਸਾਲ ਜਾਂ ਛਿਮਾਹੀ ਦਾ ਸਮਾਂ ਲੱਗਦਾ ਹੈ। ਆਜ਼ਾਦਵਿੰਦਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਫੌਰਨ ਕਾਰਵਾਈ ਨਾ ਕੀਤੀ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾ ਕੇ ਇਨਸਾਫ ਮੰਗਾਂਗਾ, ਕਿਸੇ ਵੀ ਹਾਲਤ ਵਿਚ ਬੱਚਿਆਂ ਦੀ ਜਾਨ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ।


Related News