ਕੋਟਕਪੂਰਾ ''ਚ ਪਏ ਭਾਰੀ ਬਾਰਿਸ਼ ਨੇ ਸੀਵਰੇਜ ਸਿਸਟਮ ਦੀ ਖੋਲ੍ਹੀ ਪੋਲ (ਤਸਵੀਰਾਂ)
Sunday, Aug 20, 2017 - 06:28 PM (IST)
ਕੋਟਕਪੂਰਾ(ਨਰਿੰਦਰ ਬੈੜ)— ਭਾਵੇਂ ਸੀਵਰੇਜ ਅਤੇ ਵਾਟਰ ਵਰਕਸ ਵਿਭਾਗ ਵੱਲੋਂ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਸਹੀ ਢੰਗ ਨਾਲ ਚੱਲਣ ਦੇ ਦਾਅਵੇ ਕੀਤੇ ਜਾਂਦੇ ਹੋਣ ਪਰ ਕਾਫੀ ਸਮੇਂ ਬਾਅਦ ਐਤਵਾਰ ਨੂੰ ਕੋਟਕਪੂਰਾ ਸ਼ਹਿਰ ਅੰਦਰ ਸਵਾ ਕੁ ਘੰਟਾ ਪਏ ਤੇਜ਼ ਬਾਰਿਸ਼ ਨੇ ਸਾਰੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਐਤਵਾਰ ਇਥੇ ਜ਼ੋਰਦਾਰ ਬਾਰਿਸ਼ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਅੰਦਰ ਜਲ ਮਗਨ ਹੋ ਗਿਆ ਅਤੇ ਕਈ ਇਲਾਕਿਆਂ 'ਚ ਘਰਾਂ ਅਤੇ ਦੁਕਾਨਾਂ ਵਿਚ ਵੀ ਪਾਣੀ ਦਾਖਲ ਹੋ ਗਿਆ। ਬਾਰਿਸ਼ ਤੇਜ਼ ਹੋਣ ਕਾਰਨ ਸ਼ਹਿਰ ਦੇ ਬੱਸ ਸਟੈਂਡ ਇਲਾਕਾ, ਪੁਰਾਣਾ ਸ਼ਹਿਰ, ਮੋਗਾ ਰੋਡ, ਡਾ. ਪਵਿੱਤਰ ਕੌਰ ਵਾਲੀ ਗਲੀ ਅਤੇ ਇਸ ਦੀਆਂ ਨਾਲ ਦੀਆਂ ਗਲੀਆਂ ਤੋਂ ਇਲਾਵਾ, ਸ਼ਾਂਤੀ ਨਗਰ, ਜੈਤੋ ਰੋਡ, ਬਾਂਸਲ ਸਟਰੀਟ, ਹਰੀ ਨੌ ਰੋਡ, ਸੁਰਗਾਪੁਰੀ, ਦੁਆਰੇਆਣਾ ਰੋਡ, ਜਲਾਲੇਆਣਾ ਰੋਡ, ਬੱਤੀਆਂ ਵਾਲੇ ਚੌਂਕ ਅਤੇ ਸਿੱਖਾਂ ਵਾਲਾ ਰੋਡ ਆਦਿ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ। ਸਥਾਨਕ ਸ਼ਹਿਰ 'ਚੋਂ ਲੰਘਦੀ ਨੈਸ਼ਨਲ ਹਾਈਵੇ ਸੜਕ 'ਤੇ ਪਾਣੀ ਭਰ ਜਾਣ ਕਾਰਨ ਟਰੈਫਿਕ ਦੀ ਗਤੀ ਨੂੰ ਵੀ ਬਰੇਕਾਂ ਲੱਗ ਗਈਆਂ ਅਤੇ ਵੱਖ-ਵੱਖ ਵਾਹਨ ਇਕ-ਦੂਜੇ ਪਿੱਛੇ ਕਤਾਰਾਂ 'ਚ ਬਹੁਤ ਘੱਟ ਸਪੀਡ ਨਾਲ ਜਾਂਦੇ ਵੇਖੇ ਗਏ। ਇਸ ਤੋਂ ਇਲਾਵਾ ਕਈ ਚਾਰ ਪਹੀਆ ਅਤੇ ਦੁਪਹੀਆ ਵਾਹਨ ਪਾਣੀ ਵਿੱਚ ਬੰਦ ਹੋ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ।
