ਹਾਦਸੇ ਦਾ ਮੁਆਵਜ਼ਾ ਲੈਣ ਪੁੱਜੇ ਪਿਓ-ਪੁੱਤ ਨਾਲ ਸਕੂਲ ਪ੍ਰਸ਼ਾਸਨ ਨੇ ਕੀਤਾ ਇਹ ਕਾਰਾ, ਭਾਰੀ ਹੰਗਾਮਾ
Wednesday, Oct 12, 2022 - 03:45 PM (IST)
ਭੋਗਪੁਰ (ਰਜੇਸ਼ ਸੂਰੀ) : ਬਿਨਪਾਲਕੇ ਪਿੰਡ ਸਥਿਤ ਡਿਪਸ ਸਕੂਲ ਵਿਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਕੂਲ ਦੀ ਬੱਸ ਨਾਲ ਹਾਦਸਾਗ੍ਰਸਤ ਹੋਈ ਕਾਰ ਦੇ ਮਾਲਕ ਪਿਓ-ਪੁੱਤ ਸਕੂਲ ਵਿਚ ਕਾਰ ਦਾ ਮੁਆਵਜ਼ਾ ਲੈਣ ਪੁੱਜੇ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਨੌਜਵਾਨ ਦੀ ਪੱਗ ਵੀ ਉਤਾਰ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਨਿਗਮ ਨੇ ਨਾਜਾਇਜ਼ ਢੰਗ ਨਾਲ ਕੱਟੀਆਂ ਜਾ ਰਹੀਆਂ 4 ਕਾਲੋਨੀਆਂ ’ਤੇ ਚਲਾਇਆ ਬੁਲਡੋਜ਼ਰ
ਇਸ ਮਾਮਲੇ ਦੇ ਪੀੜਤ ਸੰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੱਦਾ ਚੱਕ ਅਤੇ ਉਸ ਦੇ ਸਾਥੀ ਸੁਖਵੀਰ ਸਿੰਘ ਵਾਸੀ ਨੰਗਲ ਅਰਹੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਉਸ ਦੀ ਕਾਰ ਜਦੋਂ ਬਿਨਪਾਲਕੇ ਸੱਦਾ ਚੈੱਕ ਰੋਡ 'ਤੇ ਜਾ ਰਹੀ ਸੀ ਤਾਂ ਡਿਪਸ ਸਕੂਲ ਦੀ ਇਕ ਬੱਸ ਉਸ ਨੂੰ ਕਰਾਸ ਕਰਨ ਲੱਗੀ ਤਾਂ ਕਰਾਸ ਕਰਦੇ ਸਮੇਂ ਬੱਸ ਕਾਰ ਨਾਲ ਟਕਰਾ ਗਈ। ਇਸ ਨਾਲ ਕਾਰ ਦਾ ਇਕ ਹਿੱਸਾ ਨੁਕਸਾਨਿਆ ਗਿਆ। ਸ਼ੁੱਕਰਵਾਰ ਸਕੂਲ ਪ੍ਰਬੰਧਕਾਂ ਵੱਲੋਂ ਇਸ ਕਾਰ ਨੂੰ ਠੀਕ ਕਰਵਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਵਾਰ-ਵਾਰ ਚੱਕਰ ਮਾਰਦੇ ਰਹੇ ਤਾਂ ਨਾ ਸਕੂਲ ਪ੍ਰਬੰਧਕਾਂ ਨੇ ਕਾਰ ਨੂੰ ਠੀਕ ਕਰਵਾ ਕੇ ਦਿੱਤਾ ਤੇ ਨਾ ਹੀ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿੱਤਾ ਗਿਆ। ਅੱਜ ਸੰਦੀਪ ਸਿੰਘ ਆਪਣੇ ਪਿਤਾ ਨਰਿੰਦਰ ਸਿੰਘ ਅਤੇ ਆਪਣੇ ਇਕ ਦੋਸਤ ਨਾਲ ਸਕੂਲ ਵਿਚ ਕਾਰ ਦਾ ਮੁਆਵਜ਼ਾ ਲੈਣ ਲਈ ਪੁੱਜੇ ਸਨ ਜਿੱਥੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਸੁਖਵਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋਈ ਤਾਂ ਇਹ ਗੱਲਬਾਤ ਝਗੜੇ ਦਾ ਰੂਪ ਧਾਰਨ ਕਰ ਗਈ। ਵੇਖਦਿਆਂ-ਵੇਖਦਿਆਂ ਸਕੂਲ ਦੇ ਬੱਸਾਂ ਦੇ ਡਰਾਈਵਰਾਂ ਅਤੇ ਟਰਾਂਸਪੋਰਟ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਸੰਦੀਪ ਸਿੰਘ ਦੀ ਪੱਗ ਉਤਾਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਕੂਲ ਵਿਚ ਬੰਧਕ ਬਣਾ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ ਦੀ ਟਰਨਓਵਰ ਵਾਲੇ ਰੈਡੀਮੇਡ ਗਾਰਮੈਂਟਸ ਅਸ਼ੋਕਾ, ਡਾਬਰ ਤੇ ਬਿੱਟਿਨ ਦੇ ਸ਼ੋਅਰੂਮਾਂ ’ਚ GST ਦੀ ਛਾਪੇਮਾਰੀ
ਜਦੋਂ ਇਸ ਮਾਮਲੇ ਦਾ ਪਤਾ ਸੰਦੀਪ ਸਿੰਘ ਦੇ ਪਿੰਡ ਵਾਸੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਗੇਟ ਅੱਗੇ ਪੁੱਜ ਕੇ ਸਕੂਲ ਪ੍ਰਬੰਧਕਾਂ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਚਰਨਜੀਤ ਸਿੰਘ ਪੁਲਸ ਪਾਰਟੀ ਨਾਲ ਸਕੂਲ ਪੁੱਜ ਗਏ ਅਤੇ ਹੁਣ ਤਕ ਪਿੰਡਾਂ ਦੇ ਲੋਕਾਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਥਾਣਾ ਭੋਗਪੁਰ ਵੱਲੋਂ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਸਕੂਲ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਤਕ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਫ਼ਿਲਹਾਲ ਇਹ ਗੱਲਬਾਤ ਕਿਸੇ ਸਿੱਟੇ ਤੱਕ ਨਹੀਂ ਪਹੁੰਚ ਸਕੀ ਹੈ।