ਗਰਮੀ ਨੇ ਕਰਵਾਈ ਤੌਬਾ, ਪਾਰਾ ਪੁੱਜਿਆ 43 ਡਿਗਰੀ ਤੋਂ ਪਾਰ

Monday, Jun 15, 2020 - 04:28 PM (IST)

ਗਰਮੀ ਨੇ ਕਰਵਾਈ ਤੌਬਾ, ਪਾਰਾ ਪੁੱਜਿਆ 43 ਡਿਗਰੀ ਤੋਂ ਪਾਰ

ਮੋਗਾ (ਸੰਦੀਪ ਸ਼ਰਮਾ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਪੂਰੇ ਦੇਸ਼ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ, ਉੱਥੇ ਹੀ ਇਸ ਖ਼ਤਰਨਾਕ ਵਾਇਰਸ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੇ ਦਿਨੀਂ ਸੂਬੇ ਭਰ ’ਚ ਕਰਫ਼ਿਊ ਲਾ ਦਿੱਤਾ ਸੀ। ਇਨ੍ਹਾਂ ਹਾਲਾਤਾਂ ਨੇ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰ ਦਿੱਤਾ, ਉੱਥੇ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਜੂਨ ਦੇ ਸ਼ੁਰੂ ਤੱਕ ਤਾਪਮਾਨ ’ਚ ਰਾਹਤ ਹਰੇਕ ਨੇ ਮਹਿਸੂਸ ਕੀਤੀ ਹੈ, ਪਰ ਹੁਣ ਹੌਲੀ-ਹੌਲੀ ਗਰਮੀ ਦਾ ਕਹਿਰ ਵਧ ਰਿਹਾ ਹੈ ਅਤੇ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਇੱਕ ਦਮ ਵਧੇ ਤਾਪਮਾਨ ਨਾਲ ਗਰਮੀ ਵੀ ਪੂਰੀ ਤਰ੍ਹਾਂ ਆਪਣਾ ਅਸਰ ਦਿਖਾ ਰਹੀ ਹੈ, ਜਿਸ ਨਾਲ ਇਨਸਾਨ ਹੀ ਨਹੀਂ ਪਸ਼ੂ-ਪੰਛੀ ਵੀ ਕਿਤੇ ਨਾ ਕਿਤੇ ਤੜਫਦੇ ਵੇਖੇ ਜਾ ਰਹੇ ਹਨ। ਪਿਛਲੇ ਇੱਕ ਹਫ਼ਤੇ ਤੋਂ ਮੀਂਹ ਨਾ ਪੈਣ ਕਾਰਨ ਲਗਾਤਾਰ ਤਾਪਮਾਨ ’ਚ ਵਾਧਾ ਹੋ ਰਿਹਾ ਹੈ, ਉੱਥੇ ਮੌਸਮ ਦੇ ਮਾਹਰਾਂ ਨੇ ਆਉਣ ਵਾਲੇ ਦਿਨਾਂ 'ਚ ਵੀ ਗਰਮ ਹਵਾਵਾਂ ਚੱਲਣ ਅਤੇ ਇਸ ਤਰ੍ਹਾਂ ਲੂ ਅਤੇ ਤਾਪਮਾਨ ਹੋਰ ਵਧਣ ਦਾ ਸ਼ੰਕਾ ਪ੍ਰਗਟਾਇਆ ਹੈ, ਜਿਸ ਦੇ ਚੱਲਦਿਆਂ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਜਾਗਰੂਕ ਰਹਿਣ ਦੀ ਲੋੜ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਲੋਕਾਂ ’ਚ ਇਹ ਗਲਤ ਫਹਿਮੀ ਪੈਦਾ ਹੋ ਰਹੀ ਹੈ ਕਿ ਗਰਮੀ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ’ਤੇ ਕੋਈ ਅਸਰ ਕਰਦੀ ਹੈ, ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਗਰਮੀ ਅਤੇ ਤਾਪਮਾਨ ਲਗਾਤਾਰ ਵਧ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਪੂਰੇ ਦੇਸ਼ ਭਰ 'ਚ ਕੋਰੋਨਾ ਦੇ ਅੰਕੜਿਆਂ 'ਚ ਲਗਾਤਾਰ ਵਾਧਾ ਹੋਣਾ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਗਰਮੀ ਦੇ ਮੌਸਮ ਦਾ ਕੋਰੋਨਾ ਵਾਇਰਸ ਨੂੰ ਘੱਟ ਕਰਨ`ਚ ਕੋਈ ਪ੍ਰਭਾਵ ਹੈ।


author

Babita

Content Editor

Related News