ਗਰਮੀ ਨੇ ਰਾਤਾਂ ਦੀ ਨੀਂਦ ਵੀ ਕੀਤੀ ਹਰਾਮ, ਸਾਲ ਦੀ ਸਭ ਤੋਂ ਗਰਮ ਰਾਤ ਹੋਈ ਦਰਜ, 25 ਮਈ ਤੱਕ ਵਧਾਇਆ ਰੈੱਡ ਅਲਰਟ
Thursday, May 23, 2024 - 06:12 AM (IST)
ਚੰਡੀਗੜ੍ਹ (ਪਾਲ)– ਹੁਣ ਦਿਨ ਤੋਂ ਬਾਅਦ ਰਾਤ ਨੂੰ ਵੀ ਤਪਸ਼ ਤੋਂ ਰਾਹਤ ਨਹੀਂ ਮਿਲ ਰਹੀ। ਮੰਗਲਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਪਿਛਲੇ 14 ਸਾਲਾਂ ’ਚ ਇਹ ਤੀਜੀ ਵਾਰ ਹੈ ਜਦੋਂ ਮਈ ਮਹੀਨੇ ਰਾਤ ਵੇਲੇ ਪਾਰਾ 31 ਡਿਗਰੀ ਨੂੰ ਪਾਰ ਕਰ ਗਿਆ ਹੈ। ਦਿਨ ਸਮੇਂ ਤਾਪਮਾਨ ਲਗਾਤਾਰ 40 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਹੁਣ ਰਾਤ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਵੱਧ ਚੱਲ ਰਿਹਾ ਹੈ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਜਦੋਂ ਘੱਟੋ-ਘੱਟ ਤਾਪਮਾਨ ਆਪਣੇ ਆਮ ਤਾਪਮਾਨ ਤੋਂ 4 ਡਿਗਰੀ ਵੱਧ ਜਾਂਦਾ ਹੈ ਤਾਂ ਉਸ ਨੂੰ ਗਰਮ ਰਾਤ ਮੰਨਿਆ ਜਾਂਦਾ ਹੈ। ਆਉਣ ਵਾਲੇ ਦਿਨਾਂ ’ਚ ਰਾਤ ਸਮੇਂ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ ਕਿਉਂਕਿ ਰਾਤ ਦਾ ਤਾਪਮਾਨ ਅਜਿਹਾ ਹੀ ਰਹੇਗਾ। ਹੁਣ ਤਾਪਮਾਨ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਇੰਟਰਨੈੱਟ ’ਤੇ ਮੁੜ ਵਾਇਰਲ ਹੋਈ ਖ਼ਬਰ, ਲਾਹੌਰ ’ਚ ਮਾਰਿਆ ਗਿਆ ਦਾਊਦ ਇਬ੍ਰਾਹਿਮ ਦਾ ਖ਼ਾਸ ਸਾਥੀ ਛੋਟਾ ਸ਼ਕੀਲ!
ਪਿਛਲੇ ਦਿਨੀਂ 12 ਸਾਲਾਂ ਬਾਅਦ ਪਹਿਲੀ ਵਾਰ ਮਈ ਮਹੀਨੇ ’ਚ ਤਾਪਮਾਨ 44 ਡਿਗਰੀ ਨੂੰ ਛੂਹਿਆ ਸੀ ਤੇ ਹੁਣ 2022 ਤੋਂ ਬਾਅਦ ਮਈ ’ਚ ਘੱਟੋ-ਘੱਟ ਤਾਪਮਾਨ ਇੰਨਾ ਜ਼ਿਆਦਾ ਦਰਜ ਕੀਤਾ ਗਿਆ ਹੈ। ਰੈੱਡ ਅਲਰਟ ਹੁਣ 25 ਮਈ ਤੱਕ ਵਧਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਤਾਪਮਾਨ ਵਧਣ ਨਾਲ ਲੂ ਬਣੀ ਰਹੇਗੀ।
ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਦੇ ਰਹੀਆਂ ਕੁਝ ਰਾਹਤ
ਪਿਛਲੇ 2 ਦਿਨਾਂ ’ਚ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.1 ਡਿਗਰੀ ਰਿਹਾ, ਜਦਕਿ ਬੁੱਧਵਾਰ ਨੂੰ ਤਾਪਮਾਨ 40.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਤਾਪਮਾਨ ’ਚ ਮਾਮੂਲੀ ਕਮੀ ਆਈ ਹੈ। ਦਰਅਸਲ ਪਿਛਲੇ 2 ਦਿਨਾਂ ਤੋਂ ਸ਼ਹਿਰ ’ਚ ਚੱਲ ਰਹੀਆਂ ਹਵਾਵਾਂ ਨੇ ਆਪਣਾ ਰੁਖ਼ ਬਦਲਿਆ ਹੈ। ਇਸ ਸਮੇਂ ਜੋ ਹਵਾਵਾਂ ਚੱਲ ਰਹੀਆਂ ਹਨ, ਉਹ ਪਹਾੜਾਂ ਤੋਂ ਆ ਰਹੀਆਂ ਹਨ, ਜਿਸ ਕਾਰਨ ਇਹ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤਾਪਮਾਨ ਨਹੀਂ ਵਧੇਗਾ। ਤਾਪਮਾਨ ਲਗਾਤਾਰ 40 ਤੋਂ ਉੱਪਰ ਬਣਿਆ ਹੋਇਆ ਹੈ।
44 ਡਿਗਰੀ ਤੱਕ ਜਾਵੇਗਾ ਤਾਪਮਾਨ
ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਅਗਲੇ 5 ਦਿਨਾਂ ਤੱਕ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਹਾਲਾਂਕਿ ਤਾਪਮਾਨ 39 ਡਿਗਰੀ ਰਹਿ ਸਕਦਾ ਹੈ। ਆਸਮਾਨ ਸਾਫ਼ ਰਹੇਗਾ। ਘੱਟੋ-ਘੱਟ ਤਾਪਮਾਨ 30 ਤੋਂ 31 ਡਿਗਰੀ ਦੇ ਵਿਚਕਾਰ ਹੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।