ਲੁਧਿਆਣਾ 'ਚ 45 ਡਿਗਰੀ ਤਾਪਮਾਨ ਨੇ ਝੁਲਸਾ ਛੱਡੇ ਲੋਕ, ਹੀਟਅਪ ਹੋਣ ਕਾਰਨ ਸੜਨ ਲੱਗੇ ਟਰਾਂਸਫਾਰਮਰ
Sunday, May 15, 2022 - 12:37 PM (IST)
ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ’ਤੇ ਪੁੱਜਣ ਨਾਲ ਗਰਮੀ ਝੁਲਸਾਉਣ ਲੱਗ ਗਈ ਹੈ। ਦੁਪਹਿਰ ਹੁੰਦੇ-ਹੁੰਦੇ ਸੜਕਾਂ ’ਤੇ ਟ੍ਰੈਫਿਕ ਇਕਦਮ ਗਾਇਬ ਹੋ ਜਾਂਦੀ ਹੈ। ਕੋਈ-ਕੋਈ ਰਾਹਗੀਰ ਹੀ ਜਾਂਦਾ ਵਿਖਾਈ ਦਿੰਦਾ ਹੈ। ਗਰਮੀ ਦੇ ਵੱਧਣ ਨਾਲ ਪਾਵਰਕਾਮ ਦੇ ਟਰਾਂਸਫਾਰਮਰ ਅਤੇ ਪਾਵਰ ਗਰਿੱਡ ਹੀਟਅਪ ਹੋਣ ਲੱਗੇ ਹਨ। ਬੀਤੇ ਦਿਨ ਵੀ ਕਿਸ਼ੋਰ ਰੋਡ ’ਤੇ ਸਥਿਤ ਪਾਵਰਕਾਮ ਦੇ ਡੀ-ਸਬ ਸਟੇਸ਼ਨ ਦੇ ਇਕ ਟਰਾਂਸਫਾਰਮਰ ਨੂੰ ਸ਼ਾਮ ਦੇ ਸਮੇਂ ਹੀਟਅਪ ਹੋਣ ਦੀ ਵਜ੍ਹਾ ਕਾਰਨ ਅੱਗ ਲੱਗ ਗਈ, ਜਿਸ ਦੇ ਨਾਲ ਸਬੰਧਿਤ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੀ ਕਿੱਲਤ 'ਤੇ ਨਵਾਂ ਫ਼ਰਮਾਨ ਜਾਰੀ, ਹੁਣ ਹਫ਼ਤਾਵਾਰੀ ਸ਼ਡਿਊਲ ਤਹਿਤ ਬੰਦ ਹੋਵੇਗੀ ਇੰਡਸਟਰੀ
ਲੰਬੇ ਕੱਟਾਂ ਕਾਰਨ ਇਨਵਰਟਰ ਵੀ ਨਹੀਂ ਕਰਦੇ ਕੰਮ
ਕਾਰੋਬਾਰੀ ਵਸਮ ਬਾਂਸਲ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਇਸ ਬਿਜਲੀ ਘਰ ’ਚ ਅੱਗ ਲੱਗੀ ਹੈ। ਹਰ ਵਾਰ ਹੀ ਗਰਮੀ ਦੇ ਮੌਸਮ ’ਚ ਇਸ ਪਾਵਰ ਸਬ-ਸਟੇਸ਼ਨ ’ਚ ਅੱਗ ਲੱਗ ਜਾਂਦੀ ਹੈ। ਪਿਛਲੇ ਗਰਮੀ ਦੇ ਸੀਜ਼ਨ ਦੌਰਾਨ ਤਾਂ ਕਈ ਵਾਰ ਅੱਗ ਲੱਗੀ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਹੀ ਕਾਬੂ ਪਾਉਣਾ ਪਿਆ। ਬਾਂਸਲ ਨੇ ਦੱਸਿਆ ਕਿ ਇਕ ਪਾਸੇ ਤਾਂ ਅੱਗ ਰੂਪੀ ਗਰਮੀ ਪੈ ਰਹੀ ਹੈ, ਉੱਪਰ ਤੋਂ ਬਿਜਲੀ ਦੀ ਲੁਕਣ-ਮੀਟੀ ਦਾ ਖੇਡ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਚੱਲਦਾ ਰਹਿੰਦਾ ਹੈ। ਕਈ ਵਾਰ ਤਾਂ ਬਿਜਲੀ ਲਗਾਤਾਰ ਬੰਦ ਰਹਿਣ ਨਾਲ ਇਨਵਰਟਰ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅੱਤ ਦੀ ਗਰਮੀ ਨਾਲ ਝੁਲਸ ਰਹੇ ਲੋਕਾਂ ਲਈ ਚੰਗੀ ਖ਼ਬਰ, ਆਉਣ ਵਾਲੇ ਦਿਨਾਂ 'ਚ ਪੈ ਸਕਦੇ ਮੀਂਹ
ਰਾਤ ਨੂੰ ਬੰਦ ਹੋਣ ਲੱਗੀਆਂ ਸਟਰੀਟ ਲਾਈਟਾਂ
ਬਿਜਲੀ ਸੰਕਟ ਕਾਰਨ ਹੈਬੋਵਾਲ ਕਲਾਂ ਸਮੇਤ ਵੱਖ-ਵੱਖ ਇਲਾਕਿਆਂ ’ਚ ਰਾਤ ਦੇ 9 ਵੱਜਦੇ ਹੀ ਸਟਰੀਟ ਲਾਈਟਾਂ ਬੰਦ ਹੋਣ ਲੱਗੀਆਂ ਹਨ, ਜਿਸ ਦੇ ਨਾਲ ਗਲੀਆਂ ’ਚ ਹਨ੍ਹੇਰਾ ਪੱਸਰਨ ਕਾਰਨ ਲੋਕਾਂ ’ਚ ਡਰ ਪਾਇਆ ਜਾਣ ਲੱਗਾ ਹੈ। ਹੈਬੋਵਾਲ ਨਿਵਾਸੀਆਂ ਨੇ ਦੱਸਿਆ ਕਿ ਇਕ ਪਾਸੇ ਤਾਂ ਲੁਧਿਆਣੇ ’ਚ ਰੋਜ਼ਾਨਾ ਜ਼ੁਰਮ ਵੱਧਦਾ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਰਾਤ ਹੁੰਦੇ ਹੀ ਸਟਰੀਟ ਲਾਈਟਾਂ ਬੰਦ ਕਰ ਦਿੱਤੀ ਜਾਂਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਵੇ ਤਾਂ ਕਿ ਰਾਤ ਦੇ ਸਮੇਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਰਹਿ ਸਕਣ।
ਹਰ ਇਲਾਕੇ ’ਚ ਲੱਗਣ ਲੱਗੇ ਬਿਜਲੀ ਦੇ ਕੱਟ
ਹੁਣ ਤਾਂ ਲੁਧਿਆਣਾ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ, ਜਿੱਥੇ 4 ਤੋਂ 6 ਘੰਟੇ ਦੇ ਅਣ-ਐਲਾਨੇ ਪਾਵਰਕੱਟ ਨਾ ਲੱਗ ਰਹੇ ਹੋਣ। ਹੁਣ ਤਾਂ ਪਾਵਰਕਾਮ ਵੀ ਸ਼ਟਡਾਊਨ ਦੀ ਜਗ੍ਹਾ ਲੋਡ ਸ਼ੈਡਿੰਗ ਦਾ ਇਸਤੇਮਾਲ ਕਰਕੇ 7 ਤੋਂ 8 ਘੰਟੇ ਤੱਕ ਪਾਵਰ ਸਪਲਾਈ ਬੰਦ ਕਰਨ ਲੱਗਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੰਨੀ ਕਹਿਰ ਦੀ ਗਰਮੀ ’ਚ ਨਹੀਂ ਤਾਂ ਸ਼ੈਡਿਊਲਡ ਅਤੇ ਨਾ ਹੀ ਅਣ-ਐਲਾਨੇ ਪਾਵਰਕਟ ਲੱਗਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਮੌਸਮ ’ਚ ਬਿਨਾਂ ਬਿਜਲੀ ਅਤੇ ਪਾਣੀ ਦੇ ਰਹਿ ਸਕਣਾ ਸੰਭਵ ਹੀ ਨਹੀਂ ਹੈ। ਕੀ ਸਰਦੀ ਦੇ ਮੌਸਮ ’ਚ ਪਾਵਰਕਾਮ ਕੁੰਭਕਰਨੀ ਦੀ ਨੀਂਦ ਸੁੱਤਾ ਰਹਿੰਦਾ ਹੈ। ਗਰਮੀ ਸ਼ੁਰੂ ਹੁੰਦੇ ਹੀ ਬਿਜਲੀ ਲਾਈਨਾਂ, ਪਾਵਰ ਸਬ-ਸਟੇਸ਼ਨਾਂ ਅਤੇ ਬਿਜਲੀ ਲਾਈਨਾਂ ਦੀ ਮੁਰੰਮਤ ਦਾ ਕੰਮ ਯਾਦ ਆ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ